ਪੁਲਿਸ ਤਸ਼ੱਦਦ ਪੀੜਤ ਦੀ 16 ਸਾਲਾਂ ਬਾਅਦ ਮੌਤ; ਡੀਐਸਪੀ, ਐਸਆਈ ਸਮੇਤ 4 ਖ਼ਿਲਾਫ਼ ਕੇਸ ਦਰਜ

TeamGlobalPunjab
3 Min Read

ਜਗਰਾਓਂ : 17 ਵਰ੍ਹੇ ਪਹਿਲਾਂ ਇਕ ਕਤਲ ਮਾਮਲੇ ਵਿੱਚ ਮਾਂ, ਧੀ ਅਤੇ ਪੁੱਤ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕਰਨ ਦੇ ਮਾਮਲੇ ਵਿਚ ਭਵਾਨੀਗੜ੍ਹ ਦੇ ਡੀਐੱਸਪੀ ਗੁਰਿੰਦਰ ਸਿੰਘ ਬੱਲ, ਉਸ ਸਮੇਂ ਦੇ ਇਕ ਥਾਣੇਦਾਰ, ਸਰਪੰਚ ਅਤੇ ਪੰਚ ਖ਼ਿਲਾਫ਼ ਜਗਰਾਓਂ ਪੁਲਿਸ ਨੇ 17 ਵਰ੍ਹਿਆਂ ਬਾਅਦ ਅੱਜ ਮੁਕੱਦਮਾ ਦਰਜ ਕਰ ਲਿਆ । ਜਗਰਾਓਂ ਪੁਲਿਸ ਨੇ ਅੱਜ ਤਤਕਾਲੀ ਐਸਐਚਓ, ਗੁਰਿੰਦਰ ਸਿੰਘ ਬੱਲ (ਹੁਣ ਡੀਐਸਪੀ, ਭਵਾਨੀਗੜ੍ਹ) ਵਿਰੁੱਧ ਆਈਪੀਸੀ ਦੀ ਧਾਰਾ 304 (ਦੋਸ਼ੀ ਕਤਲ) ਅਤੇ 342 (ਗੈਰ-ਕਾਨੂੰਨੀ ਨਜ਼ਰਬੰਦੀ), ਐਸਸੀ/ਐਸਟੀ ਦੀ ਧਾਰਾ 3 ਅਤੇ 4 ਤਹਿਤ ਕੇਸ ਦਰਜ ਕੀਤਾ ਹੈ।

2005 ਵਿੱਚ ਇੱਕ ਨਾਬਾਲਗ ਲੜਕੀ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਦੇ ਮਾਮਲੇ ਵਿੱਚ ਔਰਤ ਨੂੰ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਭਵਾਨੀਗੜ੍ਹ ਦੇ ਡੀਐੱਸਪੀ ਗੁਰਿੰਦਰ ਸਿੰਘ ਬੱਲ ਦੁਆਰਾ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਤਸੀਹੇ ਦਿੱਤੇ ਗਏ ਸਨ।

ਜਗਰਾਓਂ ਪੁਲਿਸ ਨੇ ਇਹ ਮੁਕੱਦਮਾ ਅੱਜ ਉਦੋਂ ਦਰਜ ਕੀਤਾ ਜਦੋਂ ਪੁਲਿਸ ਤਸ਼ੱਦਦ ਦੀ ਸ਼ਿਕਾਰ 37 ਸਾਲਾ ਔਰਤ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ। ਇਸ ਦੇ ਵਿਰੋਧ ਵਿੱਚ ਪਰਿਵਾਰ ਸਮੇਤ ਜਥੇਬੰਦੀਆਂ ਵੱਲੋਂ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਸੀ । ਮ੍ਰਿਤਕ ਦੇ ਭਰਾ ਇਕਬਾਲ ਸਿੰਘ ਨੇ ਦੱਸਿਆ ਕਿ 14 ਜੁਲਾਈ 2005 ਨੂੰ ਥਾਣਾ ਜਗਰਾਓਂ ਦੇ ਤਤਕਾਲੀ ਐਸਐਚਓ ਨੇ ਪੁਲੀਸ ਪਾਰਟੀ ਸਮੇਤ ਉਸਨੂੰ , ਉਸਦੀ ਮਾਤਾ ਸੁਰਿੰਦਰ ਕੌਰ, ਭੈਣ ਕੁਲਵੰਤ ਕੌਰ ਨੂੰ ਥਾਣੇ ਵਿੱਚ ਨਜਾਇਜ਼ ਤੌਰ ’ਤੇ ਹਿਰਾਸਤ ਵਿੱਚ ਲੈ ਲਿਆ। ਉਨ੍ਹਾ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤਸੀਹੇ ਦਿੱਤੇ ਗਏ। ਉਸਦੀ  ਭੈਣ ਕੁਲਵੰਤ, ਜਿਸ ਨੂੰ ਐੱਸਐੱਚਓ ਨੇ ਬਿਜਲੀ ਦੇ ਝਟਕੇ ਦਿੱਤੇ ਸਨ, ਉਸ ਦਿਨ ਤੋਂ ਬਿਮਾਰ ਸੀ, ਜਿਸ ਦਿਨ ਉਸ ‘ਤੇ ਤਸ਼ੱਦਦ ਕੀਤਾ ਗਿਆ ਸੀ।” ਉਸਦੀ ਭਤੀਜੀ ਨੇ ਖੁਦਕੁਸ਼ੀ ਕਰ ਲਈ ਸੀ ਪਰ ਪੁਲਿਸ ਨੇ ਇਸ ਨੂੰ ਕਤਲ ਦੇ ਕੇਸ ਵਜੋਂ ਪੇਸ਼ ਕੀਤਾ ਅਤੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਝੂਠੇ ਕਤਲ ਕੇਸ ਵਿੱਚ ਫਸਾਉਣ ਲਈ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲਿਆ।

ਉਨ੍ਹਾ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਪਰ ਅਦਾਲਤ ਨੇ ਉਨ੍ਹਾ ਨੂੰ ਬਰੀ ਕਰ ਦਿੱਤਾ। ਉਸਨੇ ਕਿਹਾ ਕਿ  ਅਸੀਂ ਪਿਛਲੇ 16 ਸਾਲਾਂ ਤੋਂ ਨਿਆਂ ਦੀ ਉਡੀਕ ਕਰ ਰਹੇ ਸੀ ਅਤੇ ਹੁਣ ਕੇਸ ਦਰਜ ਕਰਕੇ, ਨਿਆਂ ਵੱਲ ਇੱਕ ਰਾਹ ਸ਼ੁਰੂ ਹੋ ਗਿਆ ਹੈ।

 ਇਸ ਮਾਮਲੇ ਵਿਚ ਉਨ੍ਹਾਂ ਵੱਲੋਂ ਜਗਰਾਓਂ ਤੋਂ ਲੈ ਕੇ ਚੰਡੀਗੜ੍ਹ, ਦਿੱਲੀ ਪੁਲਿਸ ਪ੍ਰਸ਼ਾਸਨ, ਅਦਾਲਤ ਤਕ ਗੁਹਾਰ ਲਾਈ ਪਰ ਕੋਈ ਕਾਰਵਾਈ ਨਾ ਹੋਈ ਇਨਸਾਫ਼ ਦੀ ਉਡੀਕ ਕਰਦੀ ਬੀਤੀ ਸ਼ਾਮ ਉਸ ਦੀ ਭੈਣ ਕੁਲਵੰਤ ਕੌਰ ਦੀ ਮੌਤ ਹੋ ਗਈ । ਉਸ ਦੀ ਮੌਤ ਤੋਂ ਬਾਅਦ ਅਖੀਰ ਅੱਜ ਥਾਣਾ ਸਿਟੀ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ।

Share This Article
Leave a Comment