ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਭਾਰਤੀ ਖੇਤੀ ਖੋਜ ਕੇਂਦਰ ਦੇ ਸਹਿਯੋਗ ਨਾਲ ਪੈਕ ਹਾਊਸ ਵਰਕਰ ਬਾਰੇ 200 ਘੰਟਿਆਂ ਦਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿਚ 20 ਸਿਖਿਆਰਥੀਆਂ ਨੇ ਭਾਗ ਲਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿਚ ਸਿਖਿਆਰਥੀਆਂ ਨੇ ਫ਼ਲ਼ਾਂ ਸਬਜ਼ੀਆਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਤੋਂ ਲੈ ਕੇ ਉਸਦੀ ਪੈਕਿੰਗ ਅਤੇ ਮੰਡੀਕਰਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਇਸ ਮੌਕੇ ਤਕਨੀਕੀ ਕੋਆਰਡੀਨੇਟਰ ਅਤੇ ਨਿਰਦੇਸ਼ਕ ਪੀ.ਐਚ.ਪੀ.ਟੀ.ਸੀ. ਡਾ. ਬੀ.ਵੀ.ਸੀ. ਮਹਾਜਨ ਨੇ ਸਿਖਿਆਰਥੀਆਂ ਨੂੰ ਪੈਕੇਜਿੰਗ ਦੀ ਪਰਿਭਾਸ਼ਾ, ਮਹਤਤਾ ਅਤੇ ਪਦਾਰਥ ਦੀ ਗੁਣਵੱਤਾ ਬਾਰੇ ਬਖੂਬੀ ਜਾਣਕਾਰੀ ਦਿਤੀ। ਇਸ ਕੋਰਸ ਦੌਰਾਨ ਯੂਨੀਵਰਸਿਟੀ ਦੇ ਵਖ-ਵਖ ਮਾਹਿਰਾਂ ਵਲੋਂ ਕੋਰਸ ਸੰਬੰਧੀ ਵਿਸ਼ਿਆਂ ਉਪਰ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ। ਡਾ. ਸਵਾਤੀ ਕਪੂਰ ਦੀ ਅਗਵਾਈ ਹੇਠ ਸਿਖਿਆਰਥੀਆਂ ਨੇ ਲਾਡੋਵਾਲ ਬੀਜ ਫਾਰਮ ਲਾਡੋਵਾਲ, ਲੁਧਿਆਣਾ, ਨਾਮਧਾਰੀ ਫ੍ਰੈਸ਼ ਫੂਡਜ਼ ਕੋਹਾੜਾ, ਜ਼ਿਲਾ ਲੁਧਿਆਣਾ ਅਤੇ ਸੈਂਟਰ ਆਫ ਐਕਸੀਲੈਂਸ ਕਰਤਾਰਪੁਰ, ਜ਼ਿਲਾ ਜਲੰਧਰ ਵਿਖੇ ਦੌਰਾ ਕਰਵਾਇਆ ਗਿਆ।
ਅੰਤ ਵਿਚ ਸ਼੍ਰੀਮਤੀ ਕੰਵਲਜੀਤ ਕੌਰ ਨੇ ਆਏ ਹੋਏ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਇਸ ਕੋਰਸ ਦੀਆਂ ਬਾਰੀਕੀਆਂ ਨੂੰ ਆਪਣੇ ਕਿਤੇ ਵਿਚ ਅਪਨਾਉਣ ਦੀ ਸਲਾਹ ਦਿਤੀ।
ਡਾ. ਤੇਜਿੰਦਰ ਸਿੰਘ ਰਿਆੜ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫ਼ਲਾਂ, ਫੁਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਪੰਜ ਦਿਨਾਂ ਕੋਰਸ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿਚ ਚਾਹਵਾਨ ਉਮੀਦਵਾਰ ਭਾਗ ਲੈ ਸਕਦੇ ਹਨ ਅਤੇ ਇਸ ਦੇ ਨਾਲ ਹੀ ਮਿਤੀ 24 ਫਰਵਰੀ ਨੂੰ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ ਬੇਕਰੀ ਸੰਬੰਧੀ ਵਿਸ਼ੇਸ਼ ਕੋਰਸ ਵੀ ਸ਼ੁਰੂ ਹੋ ਗਿਆ ਹੈ।