ਪੀ.ਏ.ਯੂ. ਵਿੱਚ ਸਾਬਕਾ ਪ੍ਰੋਫੈਸਰ ਡਾ: ਸ. ਨ. ਸੇਵਕ ਨੂੰ ਸ਼ਰਧਾਂਜਲੀ ਭੇਟ ਕੀਤੀ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭਾਸ਼ਾਵਾਂ ਪੱਤਰਕਾਰੀ ਤੇ ਸਭਿਆਚਾਰ ਵਿਭਾਗ ਦੇ ਸਾਬਕਾ ਮੁਖੀ, ਅੰਗਰੇਜ਼ੀ ਅਧਿਆਪਕ ਅਤੇ ਪੰਜਾਬੀ  ਦੇ ਪ੍ਰਸਿੱਧ ਲੇਖਕ ਡਾ: ਸ ਨ ਸੇਵਕ ਬੀਤੇ ਦਿਨੀਂ  ਇਸ ਦੁਨੀਆਂ ਨੂੰ ਵਿਦਾ ਆਖ ਗਏ ਸਨ । ਅੱਜ ਉਹਨਾਂ ਦੀ ਯਾਦ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਹੋਇਆ । ਇਸ ਸ਼ਰਧਾਂਜਲੀ ਸਮਾਗਮ ਵਿੱਚ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਅਤੇ ਵਿਭਾਗ ਦੇ ਸਟਾਫ ਨੇ ਡਾ. ਸੇਵਕ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਕਿਹਾ ਕਿ ਡਾ. ਸੇਵਕ ਨੇ ਭਾਸ਼ਾਵਾਂ ਤੋਂ ਪਾਰ ਜਾ ਕੇ ਸਾਹਿਤ ਅਤੇ ਸੱਭਿਆਚਾਰ ਦੀ ਸੇਵਾ ਕੀਤੀ। ਡਾ. ਸੇਵਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਉਹਨਾਂ ਅਧਿਆਪਕਾਂ ਵਿੱਚੋਂ ਸਨ ਜਿਨ੍ਹਾਂ ਨੇ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਨਾਮਣਾ ਖੱਟਿਆ। ਉਹਨਾਂ ਦੀ ਵਿਦਾਇਗੀ ਨਾਲ ਇਹ ਸੰਸਾਰ ਇੱਕ ਸਿਰਜਣਸ਼ੀਲ ਅਧਿਆਪਕ ਅਤੇ ਬਿਹਤਰੀਨ ਮਨੁੱਖ ਤੋਂ ਵਾਂਝਾ ਹੋ ਗਿਆ ਹੈ।
ਯਾਦ ਰਹੇ ਕਿ ਪੰਜਾਬੀ ਸਭਿਆਚਾਰ ਅਕਾਡਮੀ ਦੇ ਸੰਸਥਾਪਕ , ਬਾਨੀ ਪ੍ਰਧਾਨ ਹੋਣ ਤੋਂ ਇਲਾਵਾ ਉਹ ਥੀਏਟਰ ਦੀ ਦੁਨੀਆਂ ਦੇ ਵੀ ਮੰਨੇ ਪਰਮੰਨੇ ਨਿਰਦੇਸ਼ਕ ਸਨ। ਉਨ੍ਹਾਂ ਪੀ.ਏ.ਯੂ. ਵਿਚ ਯੰਗ ਰਾਈਟਰਜ਼ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਤੇ ਅਨੇਕ ਲੇਖਕ ਪੈਦਾ ਕੀਤੇ।
ਸਾਹਿਤ ਵਿਚ ਉਨ੍ਹਾਂ ਨੇ ਕਾਵਿ ਨਾਟਕ ਫਰਿਹਾਦ, ਨਾਟਕ ਸੁਕਰਾਤ ਤੇ ਗ਼ਜ਼ਲ ਸੰਗ੍ਰਹਿ ਰੁੱਤ ਕੰਡਿਆਲੀ ਵਰਗੀਆਂ ਰਚਨਾਵਾਂ ਦਿੱਤੀਆਂ।
ਉਨ੍ਹਾਂ ਨੇ ਤ੍ਰੈਮਾਸਿਕ ਪੱਤਰ ਜੀਵਨ ਸਾਂਝਾਂ ਤੇ ਸੰਚਾਰ ਦੀ ਲੰਮਾ ਸਮਾਂ ਸੰਪਾਦਨਾ ਕੀਤੀ। ਉਹਨਾਂ ਨੇ ਪੰਜਾਬੀ ਵਿੱਚ 20 ਕਿਤਾਬਾਂ, ਅੰਗਰੇਜ਼ੀ ਵਿੱਚ 10 ਕਿਤਾਬਾਂ ਅਤੇ ਹਿੰਦੀ ਵਿੱਚ 5 ਕਿਤਾਬਾਂ ਲਿਖੀਆਂ । ਲੰਮਾਂ ਸਮਾਂ ਪੀ.ਏ.ਯੂ. ਵਿੱਚ ਨੌਕਰੀ ਦੌਰਾਨ ਡਾ. ਸੇਵਕ ਆਪਣੇ ਵਿਦਿਆਰਥੀਆਂ ਅਤੇ ਸਹਿਕਰਮੀਆਂ ਵਿੱਚ ਹਰਮਨ ਪਿਆਰੇ ਰਹੇ।

Share this Article
Leave a comment