ਪੀ.ਏ.ਯੂ. ਵਿੱਚ ਨੌਜਵਾਨਾਂ ਨੂੰ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਦੋ ਰੋਜ਼ਾ ਖੇਤਰੀ ਵਰਕਸ਼ਾਪ ਹੋਈ ਆਰੰਭ

TeamGlobalPunjab
6 Min Read

ਲੁਧਿਆਣਾ : ਪੀ.ਏ.ਯੂ. ਵਿਖੇ ਅੱਜ ਟਰੱਸਟ ਫਾਰ ਐਡਵਾਂਸਮੈਂਟ ਆਫ਼ ਐਗਰੀਕਲਚਰਲ ਸਾਇੰਸਜ਼ (ਟਾਸ) ਅਤੇ ਅਟਾਰੀ ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਦੋ ਰੋਜ਼ਾ ਖੇਤਰੀ ਵਰਕਸ਼ਾਪ ਆਰੰਭ ਹੋਈ। ਇਸ ਵਰਕਸ਼ਾਪ ਦਾ ਉਦੇਸ਼ ਨੌਜਵਾਨਾਂ ਨੂੰ ਖੇਤੀ ਖੇਤਰ ਵਿੱਚ ਉਤਸ਼ਾਹਿਤ ਅਤੇ ਪ੍ਰੇਰਿਤ ਕਰਨਾ ਹੈ । ਇਸੇ ਕਾਰਜ ਹਿਤ ਇਸ ਕਾਨਫਰੰਸ ਦਾ ਸਿਰਲੇਖ ‘ਮਾਯਾ’ ਰੱਖਿਆ ਗਿਆ ਹੈ।
ਇਸਦਾ ਉਦਘਾਟਨੀ ਸੈਸ਼ਨ ਅੱਜ ਪਾਲ ਆਡੀਟੋਰੀਅਮ ਵਿਖੇ ਹੋਇਆ ਜਿਸ ਵਿੱਚ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਟਾਸ ਦੇ ਸੰਚਾਲਕ ਡਾ. ਆਰ ਐਸ ਪੜੋਦਾ ਪਦਮ ਭੂਸ਼ਣ ਐਵਾਰਡੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਪੜੋਦਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਭਾਰਤ ਵਿੱਚ ਇਸ ਵਕਤ ਦੁਨੀਆਂ ਦੇ 20 ਕਰੋੜ ਨੌਜਵਾਨ ਬਾਸ਼ਿੰਦੇ ਹਨ। ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਹੀ ਨਵੀਂ ਨਸਲ ਖੇਤੀ ਪ੍ਰਤੀ ਪਹਿਲਾਂ ਵਾਂਗ ਮੋਹਵੰਤੀ ਨਹੀਂ ਰਹੀ। ਇੱਕ ਕਿੱਤੇ ਵਜੋਂ ਖੇਤੀ ਦੀ ਸਨਮਾਨ ਬਹਾਲੀ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਆਕਰਸ਼ਿਤ ਕਰ ਸਕਦੀ ਹੈ। ਪੜੋਦਾ ਨੇ ਕਿਹਾ ਕਿ ਅੱਜ ਦੇਸ਼ ਦੇ ਗੋਦਾਮ ਅਨਾਜ ਅਤੇ ਬਾਗਬਾਨੀ ਫ਼ਸਲਾਂ ਨਾਲ ਭਰਪੂਰ ਹਨ । ਮੁੱਖ ਚੁਣੌਤੀ ਨੌਜਵਾਨਾਂ ਨੂੰ ਇਹਨਾਂ ਨਾਲ ਜੋੜਨ ਦੀ ਹੈ। ਉਹਨਾਂ ਨੇ ਟਾਸ ਵੱਲੋਂ ਪੂਰੇ ਭਾਰਤ ਵਿੱਚ ਕਰਵਾਈਆਂ ਜਾਂਦੀਆਂ ਖੇਤਰੀ ਵਰਕਸ਼ਾਪਾਂ ਨੂੰ ਨੌਜਵਾਨਾਂ ਵਿੱਚ ਖੇਤੀ ਪ੍ਰਤੀ ਉਤਸ਼ਾਹ ਪੈਦਾ ਕਰਨ ਦੀ ਗਤੀਵਿਧੀ ਕਿਹਾ। ਉਹਨਾਂ ਕਿਹਾ ਕਿ ਖੇਤੀ ਆਧਾਰਿਤ ਰੁਜ਼ਗਾਰ ਪੈਦਾ ਕਰਕੇ ਨੌਜਵਾਨਾਂ ਨੂੰ ਏਧਰ ਮੋੜਿਆ ਜਾ ਸਕਦਾ ਹੈ।
ਇਸ ਲਈ ਮੰਡੀ, ਜੈਵਿਕ ਖੇਤੀ, ਐਫ ਪੀ ਓ’ਜ਼ ਆਦਿ ਨੂੰ ਨਵੇਂ ਸਿਰੇ ਤੋਂ ਵਿਉਂਤ ਕੇ ਨੌਜਵਾਨਾਂ ਨੂੰ ਕਿਸਾਨੀ ਕਿੱਤੇ ਪ੍ਰਤੀ ਊਰਜਾ ਨਾਲ ਭਰਿਆ ਜਾ ਸਕਦਾ ਹੈ।


ਆਰੰਭਿਕ ਸ਼ੈਸਨ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ। ਡਾ. ਢਿੱਲੋਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖੇਤੀ ਵਿੱਚ ਅਸੀਮ ਵਿਕਾਸ ਦੇ ਬਾਵਜੂਦ ਨਵੀਂ ਪੀੜ੍ਹੀ ਇਸ ਤੋਂ ਲਾਂਭੇ ਹੋਈ ਹੈ । ਦੋਬਾਰਾ ਨੌਜਵਾਨਾਂ ਨੂੰ ਖੇਤੀ ਨਾਲ ਜੋੜਨ ਲਈ ਮੌਕਿਆਂ ਅਤੇ ਸੰਭਾਵਨਾਵਾਂ ਨੂੰ ਨਵੇਂ ਸਿਰੇ ਤੋਂ ਵਿਉਂਤਣਾ ਬੇਹੱਦ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਅਜੋਕੇ ਨੌਜਵਾਨ ਸਿਰਜਣਸ਼ੀਲ, ਖੋਜੀ ਅਤੇ ਉਤਸ਼ਾਹ ਨਾਲ ਭਰੇ ਹੋਏ ਹਨ ਪਰ ਸਿਰਫ਼ 4-5 ਪ੍ਰਤੀਸ਼ਤ ਨੌਜਵਾਨ ਹੀ ਖੇਤੀ ਨਾਲ ਜੁੜੇ ਹਨ। ਇਹ ਗਿਣਤੀ ਵਧਾਉਣ ਦੀ ਲੋੜ ਹੈ। ਡਾ. ਢਿੱਲੋਂ ਨੇ ਮੁਹਾਰਤ ਵਿਕਾਸ ਨੂੰ ਹੋਰ ਮਜ਼ਬੂਤ ਕਰਕੇ ਖੇਤੀ ਖੇਤਰ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਵਿੱਚ ਵਾਧੇ ਦੀ ਗੱਲ ਕੀਤੀ।

ਉਹਨਾਂ ਕਿਹਾ ਕਿਸਾਨੀ ਸੇਵਾ, ਸਹਾਇਤਾ ਅਤੇ ਨਿੱਜੀ ਪਸਾਰ ਦਾ ਰਾਹ ਖੁੱਲ੍ਹਾ ਹੈ। ਵਿਕਸਿਤ ਦੇਸ਼ਾਂ ਵਿੱਚ ਇਸ ਲਿਹਾਜ਼ ਤੋਂ ਬਹੁਤ ਸਾਰਾ ਕੰਮ ਹੋਇਆ ਹੈ । ਨਾਲ ਹੀ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਅਤੇ ਉਤਪਾਦਕ ਤੋਂ ਖਪਤਕਾਰ ਤੱਕ ਲੜੀ ਦੀ ਮਜ਼ਬੂਤੀ ਇਸ ਦਿਸ਼ਾ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜ ਸਕਦੀ ਹੈ। ਉਹਨਾਂ ਨੇ ਇਸ ਕਾਨਫਰੰਸ ਨੂੰ ਇਸ ਪੱਖ ਤੋਂ ਬੇਹੱਦ ਅਹਿਮ ਕਿਹਾ।
ਇਸ ਮੌਕੇ ਪੰਜਾਬ ਦੇ ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ 70ਵਿਆਂ ਦੇ ਮੁੱਢਲੇ ਸਾਲਾਂ ਤੋਂ ਹੀ ਵਿਕਸਿਤ ਦੇਸ਼ਾ ਦੇ ਨੌਜਵਾਨ ਖੇਤੀ ਤੋਂ ਪਰੇ ਜਾ ਰਹੇ ਹਨ। ਇਸ ਲਈ ਖੇਤੀ ਨੂੰ ਰੁਜ਼ਗਾਰ ਬਨਾਉਣ ਲਈ ਅੰਤਰਰਾਸ਼ਟਰੀ ਕੰਪਨੀਆਂ ਨਾਲ ਮੁਕਾਬਲਾ ਕਰਨਾ ਪਵੇਗਾ।

- Advertisement -

ਡਾ. ਸਿੱਧੂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਵਿਕਾਸ ਕਰਕੇ ਉਹਨਾਂ ਨੂੰ ਨੌਕਰੀ ਯੋਗ ਬਨਾਉਣਾ ਇਸ ਸਮੇਂ ਵੱਡੀ ਚੁਣੌਤੀ ਹੈ। ਇਸ ਸ਼ੈਸਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਵਾਈ ਐਸ ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਸੋਲਨ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਕੌਸ਼ਲ ਨੇ ਪੰਜਾਬ ਦੀ ਖੇਤੀ ਨੂੰ ਅੱਗੇ ਲਿਜਾਣ ਵਿੱਚ ਪੀ.ਏ.ਯੂ. ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਖੇਤੀ ਵਸਤਾਂ ਦੀ ਮੰਗ ਵਿੱਚ ਵਾਧਾ ਹੋਇਆ ਪਰ ਪੜਿ•ਆ ਲਿਖਿਆ ਨੌਜਵਾਨ ਰੁਜ਼ਗਾਰ ਲਈ ਸ਼ਹਿਰ ਆਉਣ ਲਈ ਪਹਿਲ ਦੇ ਰਿਹਾ ਹੈ। ਇਸ ਦਾ ਮੁੱਖ ਕਾਰਨ ਸਿੱਖਿਆ ਅਤੇ ਮੁਹਾਰਤ ਦਾ ਵੱਖ-ਵੱਖ ਹੋਣਾ ਹੈ। ਖੇਤੀ ਖੇਤਰ ਵਿੱਚ ਮੁਹਾਰਤ ਦੇ ਮੌਕੇ ਵਧਾ ਕੇ ਇਸ ਪਰਵਾਸ ਨੂੰ ਘਟਾਇਆ ਜਾ ਸਕਦਾ ਹੈ।

ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਵਰਕਸ਼ਾਪ ਦੇ ਆਯੋਜਕ ਸਕੱਤਰ ਡਾ. ਰਵਿੰਦਰ ਕੌਰ ਧਾਲੀਵਾਲ ਨੇ ਇਸ ਕਾਨਫਰੰਸ ਦੇ ਉਦੇਸ਼ ਬਾਰੇ ਗੱਲ ਕਰਦਿਆਂ ਬਾਹਰੋਂ ਆਏ ਮਹਿਮਾਨਾਂ, ਡੈਲੀਗੇਟਾਂ ਅਤੇ ਪੀ.ਏ.ਯੂ. ਦੇ ਸਮੁੱਚੇ ਅਮਲੇ ਦਾ ਸਵਾਗਤ ਕੀਤਾ । ਉਹਨਾਂ ਕਿਹਾ ਕਿ ਵਿਸ਼ੇ ਦੇ ਅਨੁਸਾਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਨਾਲ ਜੋੜ ਕੇ ਨਵੀਂ ਪੀੜੀ ਤੱਕ ਖੇਤੀ ਦੇ ਸਨਮਾਨ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਪੜੋਦਾ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਗੁਲਦਤਿਆਂ ਨਾਲ ਕੀਤਾ ਗਿਆ। ਹਾਜ਼ਰ ਪਤਵੰਤਿਆਂ ਨੂੰ ਯਾਦ ਨਿਸ਼ਾਨੀ ਵਜੋਂ ਸਨਮਾਨ ਚਿੰਨ ਅਤੇ ਸ਼ਾਲ ਪ੍ਰਦਾਨ ਕੀਤੇ ਗਏ । ਅੰਤ ਵਿੱਚ ਅਟਾਰੀ ਦੇ ਨਿਰਦੇਸ਼ਕ ਡਾ. ਰਾਜਬੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।


ਇਸ ਵਰਕਸ਼ਾਪ ਦਾ ਮੁੱਖ ਆਕਰਸ਼ਣ ਭਾਰਤ ਦੀਆਂ ਵੱਖ-ਵੱਖ ਖੇਤੀ ਯੂਨੀਵਰਸਿਟੀਆਂ ਅਤੇ ਉਦਯੋਗਿਕ ਇਕਾਈਆਂ ਤੋਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਮਾਹਿਰ ਅਤੇ ਵਿਦਿਆਰਥੀ ਹਨ । ਇਸ ਦੇ ਨਾਲ ਹੀ ਰਵਾਇਤੀ ਲੀਹਾਂ ਤੋਂ ਹਟ ਕੇ ਖੇਤੀ ਕਰਨ ਵਾਲੇ ਅਤੇ ਪਦਮਸ਼੍ਰੀ ਜਿੱਤਣ ਵਾਲੇ ਦੋ ਕਿਸਾਨ ਕੰਵਲ ਸਿੰਘ ਚੌਹਾਨ ਅਤੇ ਸੁਲਤਾਨ ਸਿੰਘ ਵੀ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਵਰਕਸ਼ਾਪ ਵਿੱਚ ਸ਼ਾਮਿਲ ਹਨ । ਪਹਿਲੇ ਤਕਨੀਕੀ ਸੈਸ਼ਨ ਵਿੱਚ ਕੰਵਲ ਸਿੰਘ ਚੌਹਾਨ ਨੇ ਬੇਬੀ ਕਾਰਨ ਦੇ ਖੇਤਰ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ । ਅਗਲੇ ਸੈਸ਼ਨਾਂ ਵਿੱਚ ਸੁਲਤਾਨ ਸਿੰਘ ਨੇ ਮੱਛੀ ਪਾਲਣ ਦੇ ਖੇਤਰ ਵਿੱਚ ਆਰੰਭ ਤੋਂ ਲੈ ਕੇ ਸਿਖਰ ਤੱਕ ਦੇ ਤਜ਼ਰਬੇ ਹਾਜ਼ਰ ਲੋਕਾਂ ਸਾਹਮਣੇ ਰੱਖੇ । ਤਕਨੀਕੀ ਸੈਸ਼ਨਾਂ ਦੌਰਾਨ ਮਾਹਿਰਾਂ ਨੇ ਖੇਤੀ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ, ਮੌਕਿਆਂ ਅਤੇ ਚੁਣੌਤੀਆਂ ਬਾਰੇ ਨਿੱਠ ਕੇ ਗੱਲ ਕੀਤੀ ।

Share this Article
Leave a comment