ਪੀ.ਏ.ਯੂ. ਮਾਹਿਰਾਂ ਨੇ ਸਿੱਧੇ ਬੀਜੇ ਝੋਨੇ ਦੇ ਕਰੰਡ ਹੋਣ ਦੀ ਸੂਰਤ ਵਿੱਚ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ

TeamGlobalPunjab
3 Min Read

ਲੁਧਿਆਣਾ : ਮਈ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਵਿੱਚ ਬਾਰਿਸ਼ ਪੈਣ ਕਰਕੇ, ਅਗੇਤੀ ਬੀਜੀ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਕਰੰਡ ਹੋਣ ਅਤੇ ਉਸ ਦਾ ਹੱਲ ਕਰਨ ਅਤੇ ਬਾਰਸ਼ ਦਾ ਸਿੱਧੀ ਬੀਜੀ ਫ਼ਸਲ ਦੇ ਫੁਟਾਰਾ ਕਰਨ ਅਤੇ ਬਾਹਰ ਨਿਕਲਣ ਬਾਰੇ ਕਿਸਾਨਾਂ ਵੱਲੋ ਕਾਫੀ ਸੁਆਲ ਆ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਸੀਨੀਅਰ ਫ਼ਸਲ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਬਾਰਸ਼ ਪੈਣ ਕਰਕੇ, ਦੂਸਰੀਆ ਫਸਲਾਂ ਦੀ ਤਰ੍ਹਾਂ ਝੋਨੇ ਦੀ ਫਸਲ ਵੀ ਕਰੰਡ ਹੋ ਸਕਦੀ ਹੈ ਪਰ ਇਸ ਵਿੱਚ ਘਬਰਾਉਣ ਦੀ ਕੋਈ ਗੱਲ ਨਹੀਂ। ਕਰੰਡ ਹੋਏ ਖੇਤਾਂ ਵਿੱਚ ਸਰੀਆਂ ਵਾਲੀ ਕਰੰਡੀ (ਜਾਲ) ਮਾਰ ਕੇ ਕਰੰਡ ਤੋੜੀ ਜਾ ਸਕਦੀ ਹੈ। ਜੇਕਰ ਕਰੰਡੀ ਨਾਂ ਮਿਲੇ ਤਾਂ ਕੋਈ ਵੀ ਜ਼ੀਰੋ ਟਿਲ ਡਰਿੱਲ ਨੂੰ ਹੋਛਾ (ਅੱਧਾ ਇੰਚ ਡੂੰਘਾਈ ਤੱਕ) ਮਾਰ ਕੇ ਕਰੰਡ ਤੋੜੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਝੋਨਾ ਕਾਫੀ ਬਾਹਰ ਆ ਗਿਆ ਹੈ ਅਤੇ ਕੁਝ ਥਾਵਾਂ ਤੇ ਕਰੰਡ ਕਾਰਨ ਬਾਹਰ ਆਉਣ ਤੋਂ ਰੁਕਿਆ ਹੈ ਉਹਨਾਂ ਥਾਵਾਂ ਤੇ ਹੱਥ ਨਾਲ ਚੱਲਣ ਵਾਲੀ ਕਰੰਡੀ ਵਰਤ ਕੇ ਕਰੰਡ ਤੋੜੀ ਜਾ ਸਕਦੀ ਹੈ।

ਡਾ. ਭੁੱਲਰ ਨੇ ਦੱਸਿਆ ਕਿ ਕਿਸਾਨਾਂ ਨੂੰ ਚਾਹੀਦਾ ਹੈ ਝੋਨੇ ਦੀ ਸਿੱਧੀ ਬਿਜਾਈ 1.0 ਤੋਂ 1.5 ਇੰਚ ਡੂੰਘਾਈ ਤੇ ਹੀ ਕੀਤੀ ਜਾਵੇ ਤਾਂ ਕਿ ਬਾਰਸ਼ ਪੈਣ ਦੀ ਸੰਭਾਵਨਾ ਵਾਲੇ ਦਿਨਾਂ ਵਿੱਚ ਵੀ ਝੋਨਾ ਸੌਖਾ ਬਾਹਰ ਆ ਸਕੇ। ਇਸ ਤੋਂ ਜ਼ਿਆਦਾ ਡੂੰਘਾਈ ਤੇ ਝੋਨਾ ਬੀਜਣ ਨਾਲ ਜੇਕਰ ਉਪਰ ਜ਼ਿਆਦਾ ਬਾਰਸ਼ ਪੈ ਜਾਵੇ ਤਾਂ ਬੀਜ ਵਾਲੇ ਸਿਆੜ ਮਿੱਟੀ ਨਾਲ ਭਰਨ ਕਰਕੇ ਝੋਨੇ ਦੇ ਬੀਜ ਦੇ ਬਾਹਰ ਆਉਣ ਵਿੱਚ ਦਿੱਕਤ ਆ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਝੋਨਾ ਕਰੰਡ ਹੋ ਗਿਆ ਹੈ ਉਥੇ ਪਾਣੀ ਦੇਣ ਨਾਲੋਂ ਕਰੰਡ ਤੋੜਨ ਨੂੰ ਤਰਜੀਹ ਦਿਉ ਕਿਉਂਕਿ ਬਾਰਸ਼ ਹੋਣ ਕਰਕੇ ਸਲਾਬ੍ਹ ਤਾਂ ਖੇਤ ਵਿੱਚ ਪਹਿਲਾਂ ਹੀ ਬਹੁਤ ਹੁੰਦੀ ਹੈ ਅਤੇ ਪਾਣੀ ਦੇਣ ਨਾਲ ਨਦੀਨਾਂ ਦੀ ਸਮੱਸਿਆ ਵੱਧ ਸਕਦੀ ਹੈ। ਪਰ ਜੇ ਕਿਤੇ ਕਰੰਡ ਤੋੜਨ ਵਾਲਾ ਕੋਈ ਵੀ ਬਦਲ ਨਾ ਹੋਵੇ ਤਾਂ, ਸਿਰਫ ਉਨ੍ਹਾਂ ਹਾਲਤਾਂ ਵਿੱਚ ਹੀ, ਖੇਤ ਨੂੰ ਹਲਕਾ ਪਾਣੀ ਦੇ ਦਿਓ, ਉਸ ਨਾਲ ਵੀ ਝੋਨਾ ਬਾਹਰ ਆ ਜਾਵੇਗਾ।

ਉਹਨਾਂ ਇਹ ਵੀ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ। ਜੇਕਰ ਅਗਲੇ 2-3 ਦਿਨਾਂ ਵਿੱਚ ਬਾਰਸ਼ ਆਉਣ ਦੀ ਸੰਭਾਵਨਾ ਹੋਵੇ ਤਾਂ ਬਿਜਾਈ ਥੋੜਾ ਲੇਟ ਕਰਨ ਵਿੱਚ ਹੀ ਸਮਝਦਾਰੀ ਹੈ ਤਾਂ ਕਿ ਕਰੰਡ ਹੋਣ ਤੋਂ ਬਚਿਆ ਸਕੇ।

Share this Article
Leave a comment