ਚੰਡੀਗੜ੍ਹ, (ਅਵਤਾਰ ਸਿੰਘ): ਬੀਤੇ ਦਿਨੀਂ 24ਵੇਂ ਰਾਸ਼ਟਰੀ ਯੁਵਕ ਮੇਲੇ ਵਿੱਚ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਇੱਕ ਸੋਨ ਅਤੇ ਇੱਕ ਕਾਂਸੇ ਦਾ ਤਗਮਾ ਜਿੱਤਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਸੱਭਿਆਚਾਰਕ ਗਤੀਵਿਧੀਆਂ ਦੇ ਕੁਆਰਡੀਨੇਟਰ ਡਾ. ਜਸਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਹ ਯੁਵਕ ਮੇਲਾ ਭਾਰਤ ਸਰਕਾਰ ਦੇ ਯੁਵਕ ਮਾਮਲਿਆਂ ਅਤੇ ਖੇਡਾਂ ਮੰਤਰਾਲੇ ਵੱਲੋਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਨਾਲ ਜੋੜ ਕੇ ਬੀਤੇ ਦਿਨੀਂ (ਯੁਵਾ : ਉਤਸ਼ਾਹ ਨਯੇ ਭਾਰਤ ਕਾ) ਆਯੋਜਿਤ ਕੀਤਾ ਗਿਆ । ਡਾ. ਬਰਾੜ ਨੇ ਦੱਸਿਆ ਕਿ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਪੈਨਲ ਵਿਚਾਰ-ਚਰਚਾ ਵਿੱਚ ਸੋਨੇ ਦਾ ਅਤੇ ਸਿਰਜਾਣਾਤਮਕ ਲੇਖਣ ਵਿੱਚ ਕਾਂਸੇ ਦਾ ਤਮਗਾ ਜਿੱਤਿਆ । ਪੀ.ਏ.ਯੂ. ਦੇ ਵਿਦਿਆਰਥੀ ਪੰਜਾਬ ਖੇਤਰ ਦੀ ਪ੍ਰਤੀਨਿਧਤਾ ਰਾਸ਼ਟਰੀ ਯੁਵਕ ਮੇਲੇ ਵਿੱਚ ਕਰ ਰਹੇ ਸਨ।
ਇਸ ਦੇ ਨਾਲ ਹੀ ਉਹਨਾਂ ਇਹ ਦੱਸਿਆ ਕਿ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਯੁਵਕ ਮੇਲੇ ਵਿੱਚ ਭਾਗ ਲਿਆ ਜੋ ਜਨਵਰੀ ਦੇ ਆਰੰਭ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਕਰਵਾਇਆ ਗਿਆ ਸੀ । ਪੀ.ਏ.ਯੂ. ਦੇ ਵਿਦਿਆਰਥੀਆਂ ਗੁਰਕੰਵਲ ਕੌਰ, ਉਜਲਪ੍ਰੀਤ ਕੌਰ ਢੱਟ, ਸ਼ਰਨਦੀਪ ਸਿੰਘ ਅਤੇ ਜੈਸਮੀਨ ਸੂਚ ਤੇ ਆਧਾਰਿਤ ਟੀਮ ਨੇ ਪੈਨਲ ਵਿਚਾਰ-ਚਰਚਾ ਵਿੱਚ ਸੋਨੇ ਤਮਗਾ ਜਿੱਤਿਆ । ਇਸ ਤੋਂ ਇਲਾਵਾ ਐਲੋਕੇਸ਼ਨ ਵਿੱਚ ਉਜਲਪ੍ਰੀਤ ਕੌਰ, ਸਿਰਜਣਾਤਮਕ ਲੇਖਣ ਵਿੱਚ ਦੀਪਾਂਸ਼ੂ ਅਤੇ ਬੁੱਤ ਬਨਾਉਣ ਵਿੱਚ ਵਿਸ਼ਾਲ ਚੌਧਰੀ ਨੇ ਕਾਂਸੀ ਦੇ ਤਮਗੇ ਜਿੱਤੇ।
ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਦਿਖਾਈ ਕਾਰਗੁਜ਼ਾਰੀ ਬਾਰੇ ਤਸੱਲੀ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ। ਉਹਨਾਂ ਕਿਹਾ ਕਿ ਰਾਜ ਰਾਸ਼ਟਰੀ ਪੱਧਰ ਤੇ ਇਹਨਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਲਈ ਨਾਮਣਾ ਖੱਟਿਆ ਹੈ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਹਨਾਂ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਇਹਨਾਂ ਨੂੰ ਵਧਾਈ ਦਿੱਤ।
ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਰਾਸ਼ਟਰੀ ਯੁਵਕ ਮੇਲੇ ਵਿੱਚ ਜਿੱਤੇ ਮੈਡਲ
Leave a Comment
Leave a Comment