ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਕਰਵਾਇਆ ਵਿਸ਼ੇਸ਼ ਭਾਸ਼ਣ

TeamGlobalPunjab
1 Min Read

ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਬੀਤੇ ਦਿਨੀਂ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਦੇ ਮੁੱਖ ਬੁਲਾਰੇ ਨਿਊਜ਼ੀਲੈਂਡ ਦੀ ਯੂਨੀਵਰਸਿਟੀ ਆਫ਼ ਲਿੰਕਨ ਤੋਂ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਚੇਤਨ ਸ਼ਰਮਾ ਸਨ। ‘ਭੋਜਨ ਵਿਗਿਆਨ ਨਾਲ ਸੰਬੰਧਤ ਖੇਤਰ ਵਿੱਚ ਮੌਜੂਦਾ ਸਮੇਂ ਦੌਰਾਨ ਕੈਰੀਅਰ’ ਵਿਸ਼ੇ ਤੇ ਕਰਵਾਏ ਇਸ ਭਾਸ਼ਣ ਵਿੱਚ ਡਾ. ਚੇਤਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਭੋਜਨ ਵਿਗਿਆਨ ਅਤੇ ਤਕਨਾਲੋਜੀ ਨਾਲ ਸੰਬੰਧਤ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਨੇ ਦੇਸ਼-ਵਿਦੇਸ਼ ਦੀਆਂ ਸੰਸਥਾਵਾਂ ਵਿੱਚ ਭੋਜਨ ਵਿਗਿਆਨ ਦੇ ਖੇਤਰ ਵਿੱਚ ਹੋ ਰਹੇ ਕਾਰਜਾਂ ਅਤੇ ਇਹਨਾਂ ਵਿੱਚ ਸੰਬੰਧਤ ਅਮਲੇ ਦੀ ਲੋੜ ਸੰਬੰਧੀ ਆਪਣੇ ਤਜ਼ਰਬੇ ਨੂੰ ਆਧਾਰ ਬਣਾ ਕੇ ਵਿਸਥਾਰ ਨਾਲ ਗੱਲਾਂ ਕੀਤੀਆਂ।

ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਭਾਸ਼ਣ ਕਰਤਾ ਦਾ ਸਵਾਗਤ ਕੀਤਾ ਅਤੇ ਉਸਨੂੰ ਭੋਜਨ ਉਦਯੋਗ ਕਾਰੋਬਾਰ ਸਿਖਲਾਈ ਕੇਂਦਰ ਦਾ ਦੌਰਾ ਵੀ ਕਰਵਾਇਆ।

ਡਾ. ਪ੍ਰੀਤੀ ਆਹਲੂਵਾਲੀਆ ਨੇ ਭਾਸ਼ਣ ਕਰਤਾ ਨੂੰ ਬੀ-ਟੈਕ ਫੂਡ ਤਕਨਾਲੋਜੀ ਦੇ ਵਿਦਿਆਰਥੀਆਂ ਨਾਲ ਵਾਕਿਫ਼ ਕਰਾਇਆ। ਵਿਦਿਆਰਥੀਆਂ ਨੇ ਸਾਰੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ ਅਤੇ ਮਾਹਿਰ ਕੋਲੋਂ ਬਹੁਤ ਸਾਰੇ ਸਵਾਲ ਪੁੱਛੇ। ਇਸ ਮੌਕੇ ਡਾ. ਚੇਤਨ ਸ਼ਰਮਾ ਨੂੰ ਸਨਮਾਨ ਵਜੋਂ ਯਾਦ ਨਿਸ਼ਾਨੀ ਭੇਂਟ ਕੀਤੀ ਗਈ।

Share this Article
Leave a comment