ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ., ਲੁਧਿਆਣਾ ਦੇ ਸਬਜ਼ੀ ਵਿਗਿਆਨੀਆਂ ਨੇ ਆਨਲਾਈਨ ਢੰਗ ਨਾਲ ਹੋਈ ਸਬਜ਼ੀਆਂ ਦੀ 38ਵੀਂ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਦੀ ਸਾਲਾਨਾ ਗਰੁੱਪ ਮੀਟਿੰਗ ਵਿੱਚ ਹਿੱਸਾ ਲਿਆ। ਇਸ ਗਰੁੱਪ ਮੀਟਿੰਗ ਵਿੱਚ ਪੀ.ਏ.ਯੂ. ਦੀਆਂ ਚਾਰ ਕਿਸਮਾਂ ਨੂੰ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪਛਾਣਿਆ ਗਿਆ। ਇਨ੍ਹਾਂ ਕਿਸਮਾਂ ਵਿੱਚ ਬੈਂਗਣ ਦੀ ਕਿਸਮ ਪੀ.ਬੀ.ਐਲ 234 ਦੀ ਪਛਾਣ ਬਿਜਾਈ ਲਈ ਜ਼ੋਨ ਨੰਬਰ 4 ਜਿਸ ਵਿੱਚ ਪੰਜਾਬ, ਉਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਸ਼ਾਮਿਲ ਹਨ ਅਤੇ ਜ਼ੋਨ ਨੰਬਰ 6 ਜਿਸ ਵਿੱਚ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਗੁਜਰਾਤ ਸ਼ਾਮਲ ਹਨ, ਲਈ ਕੀਤੀ ਗਈ।
ਪੀ.ਏ.ਯੂ. ਦੀ ਟਮਾਟਰਾਂ ਦੀ ਕਿਸਮ ਪੰਜਾਬ ਸੋਨਾ ਚੈਰੀ ਨੂੰ ਜ਼ੋਨ ਨੰਬਰ 3 ਸਿੱਕਮ, ਮੇਘਾਲਿਆ, ਮਨੀਪੁਰ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਅਰੁਨਾਚਲ ਪ੍ਰਦੇਸ਼, ਅੰਡੇਮਾਨ ਨਿਕੋਬਾਰ ਵਿੱਚ ਬਿਜਾਈ ਲਈ ਪਛਾਣਿਆ ਗਿਆ। ਇਸ ਤੋਂ ਇਲਾਵਾ ਲੌਕੀ ਦੀ ਕਿਸਮ ਪੰਜਾਬ ਬਰਕਤ ਦੀ ਪਛਾਣ ਜ਼ੋਨ ਨੰਬਰ 5 ਜਿਸ ਵਿੱਚ ਛੱਤੀਸਗੜ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦੇ ਨਾਲ-ਨਾਲ ਜ਼ੋਨ ਨੰਬਰ 7 ਜਿਸ ਵਿੱਚ ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਗੋਆ ਸ਼ਾਮਲ ਹਨ, ਵਿੱਚ ਬਿਜਾਈ ਲਈ ਕੀਤੀ ਗਈ। ਕੱਦੂ ਦੀ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਕਿਸਮ ਪੀ.ਪੀ 225 ਵੀ ਜ਼ੋਨ ਨੰਬਰ 6 ਵਿੱਚ ਬਿਜਾਈ ਲਈ ਢੁਕਵੀਂ ਪਾਈ ਗਈ।
ਜ਼ਿਕਰਯੋਗ ਹੈ ਕਿ ਬੈਂਗਣਾਂ ਦੀ ਅਗੇਤੀ ਪੱਕਣ ਵਾਲੀ ਕਿਸਮ ਪੀ.ਬੀ.ਐਲ 234 ਲੰਬੇ ਫ਼ਲਾਂ ਵਾਲੀ ਕਿਸਮ ਹੈ ਜਿਸ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ। ਇਸ ਦਾ ਔਸਤ ਝਾੜ 216 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਟਮਾਟਰਾਂ ਦੀ ਕਿਸਮ ਪੰਜਾਬ ਸੋਨਾ ਚੈਰੀ ਪੀਲੇ ਰੰਗ ਦੇ ਫ਼ਲਾਂ ਵਾਲੀ ਕਿਸਮ ਹੈ ਜੋ ਸੁਰੱਖਿਅਤ ਖੇਤੀ ਲਈ ਢੁਕਵੀਂ ਹੈ ਅਤੇ ਇਸ ਦਾ ਔਸਤ ਝਾੜ 425 ਕੁਇੰਟਲ ਪ੍ਰਤੀ ਏਕੜ ਤੱਕ ਆਉਂਦਾ ਹੈ। ਲੌਕੀ ਦੀ ਕਿਸਮ ਪੰਜਾਬ ਬਰਕਤ ਲੰਬੇ ਫ਼ਲਾਂ ਵਾਲੀ ਪਤਲੇ ਛਿੱਲੜ ਵਾਲੀ ਕਿਸਮ ਹੈ ਜਿਸ ਦਾ ਔਸਤ ਝਾੜ 226 ਕੁਇੰਟਲ ਪ੍ਰਤੀ ਏਕੜ ਤੱਕ ਹੋ ਸਕਦਾ ਹੈ । ਇਸੇ ਤਰ•ਾਂ ਕੱਦੂ ਦੀ ਕਿਸਮ ਪੀ.ਪੀ. 225 ਵੱਡੇ ਅਕਾਰ ਦੇ ਫ਼ਲਾਂ ਵਾਲੀ ਕਿਸਮ ਹੈ ਜਿਸ ਦੇ ਫ਼ਲਾਂ ਦਾ ਔਸਤ ਵਜ਼ਨ 5 ਤੋਂ 6 ਕਿਲੋ ਤੱਕ ਹੋ ਸਕਦਾ ਹੈ । ਇਸ ਦੇ ਫ਼ਲ ਗੂੜ੍ਹੇ ਪੀਲੇ ਛਿੱਲੜ ਵਾਲੇ ਹੁੰਦੇ ਹਨ ਅਤੇ ਇਸ ਦਾ ਔਸਤ ਝਾੜ 182 ਕੁਇੰਟਲ ਪ੍ਰਤੀ ਏਕੜ ਤੱਕ ਹੁੰਦਾ ਹੈ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮ ਸ਼੍ਰੀ ਐਵਾਰਡੀ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਬਜ਼ੀ ਵਿਗਿਆਨੀਆਂ ਦੀ ਟੀਮ ਵੱਲੋਂ ਯੂਨੀਵਰਸਿਟੀ ਲਈ ਹਾਸਲ ਕੀਤੇ ਇਸ ਮਾਣ ਉਪਰ ਉਨ੍ਹਾਂ ਨੂੰ ਵਧਾਈ ਦਿੱਤੀ।