ਅੰਮ੍ਰਿਤਸਰ, 29 ਮਾਰਚ ( )-ਭਾਵੇਂ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਹਰੇਕ ਲੋੜਵੰਦ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕਈ ਪਿੰਡਾਂ ਨੇ ਇਸ ਨੂੰ ਆਪਣੇ ਪੱਧਰ ਉਤੇ ਹੀ ਨਿਪਟਣ ਦਾ ਬੀੜਾ ਚੁੱਕ ਲਿਆ ਹੈ। ਪਿੰਡ ਫਤਹਿਗੜ੍ਹ ਸ਼ੁਕਰਚੱਕ ਦੇ ਨੌਜਵਾਨਾਂ ਨੇ ਆਪ ਪਿੰਡ ਦੇ ਲੋੜਵੰਦ ਘਰਾਂ ਦੀ ਸੂਚੀ ਬਣਾਈ ਅਤੇ ਪਿੰਡ ਵਿਚੋਂ ਹੀ ਸਰਦੇ-ਪੁੱਜਦੇ ਘਰਾਂ ਵਿਚੋਂ ਪੈਸੇ ਇਕੱਠੇ ਕਰਕੇ 400 ਲੋੜਵੰਦ ਪਰਿਵਾਰਾਂ ਨੂੰ ਕਰੀਬ 15-15 ਦਿਨ ਦਾ ਸੁੱਕਾ ਰਾਸ਼ਨ, ਜਿਸ ਵਿਚ ਆਟਾ, ਦਾਲਾਂ, ਖੰਡ, ਚਾਹ-ਪੱਤੀ, ਤੇਲ ਆਦਿ ਸ਼ਾਮਿਲ ਸੀ, ਵੰਡਿਆ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪਿੰਡਾਂ ਨੂੰ ਵਾਇਰਸ ਮੁਕਤ ਕਰਨ ਲਈ ਦਿੱਤਾ ਗਿਆ ਰਸਾਇਣ ਹਾਈਪੋਕਲੋਰਾਈਟ ਵੀ ਆਪ ਆਪਣੇ ਖੇਤੀ ਸੰਦਾਂ ਨਾਲ ਸਪਰੇਅ ਕੀਤਾ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੂੰ ਜਦੋਂ ਪਿੰਡ ਵਿਚ ਚੱਲ ਰਹੇ ਨੇਕੀ ਦੇ ਇਸ ਕੰਮ ਦਾ ਪਤਾ ਲੱਗਾ ਤਾਂ ਉਹ ਨੌਜਵਾਨਾਂ ਦਾ ਹੌਸ਼ਲਾ ਵਧਾਉਣ ਲਈ ਆਪ ਪਿੰਡ ਜਾ ਪੁੱਜੇ। ਉਹ ਕੰਮ ਕਰ ਰਹੇ ਨੌਜਵਾਨਾਂ ਨੂੰ ਮਿਲੇ ਅਤੇ ਲੋੜਵੰਦਾਂ ਲਈ ਖੜਨ ਵਾਲੇ ਕੀਤੇ ਉਪਰਾਲੇ ਲਈ ਸਾਬਾਸ਼ ਦਿੱਤੀ। ਸ. ਢਿਲੋਂ ਨੇ ਕਿਹਾ ਕਿ ਅੱਜ ਅਜਿਹੇ ਨੌਜਵਾਨਾਂ ਦੀ ਹਰੇਕ ਪਿੰਡ ਤੇ ਮੁਹੱਲੇ ਵਿਚ ਲੋੜ ਹੈ, ਜੋ ਕਿ ਸਾਂਝੇ ਕੰਮਾਂ ਲਈ ਅੱਗੇ ਆਉਣ ਤੇ ਲੋੜਵੰਦ ਲੋਕਾਂ ਦੀ ਬਾਂਹ ਫੜਨ। ਸ. ਢਿਲੋਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਤੁਹਾਨੂੰ ਕਿਸੇ ਵੀ ਕੰਮ ਵਿਚ ਸਾਡੀ ਲੋੜ ਮਹਿਸੂਸ ਹੋਵੇ ਤਾਂ ਸਰਕਾਰ ਤੁਹਾਡੇ ਨਾਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਡੀ ਪੀ ਓ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਸਰਪੰਚ ਨਵਨੀਤ ਕੌਰ, ਸ੍ਰੀ ਪ੍ਰਦੀਪ ਸਿੰਘ ਲਾਡਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿੰਡ ਫਤਹਿਗੜ੍ਹ ਸ਼ੁਕਰਚੱਕ ਦੇ ਜਵਾਨਾਂ ਨੇ ਚੁੱਕਿਆ ਪਿੰਡ ਨੂੰ ਵਾਇਰਸ ਮੁਕਤ ਕਰਨ ਦਾ ਮੋਰਚਾ
Leave a Comment
Leave a Comment