ਬਲਾਚੌਰ: (ਅਵਤਾਰ ਸਿੰਘ) ਜ਼ਿਲਾ ਸ਼ਹੀਦ ਭਗਤ ਸਿੰਘ (ਨਵਾਂਸ਼ਹਿਰ) ਦੀ ਤਹਿਸੀਲ ਬਲਾਚੌਰ ਹੇਠ ਪੈਂਦਾ ਪਿੰਡ ਟੌਂਸਾ ਆਪਣੀ ਵੱਖਰੀ ਪਛਾਣ ਰੱਖਦਾ ਹੈ। ਇਹ ਪਿੰਡ ਜਿਥੇ ਲੋਕ ਹਿੱਤ ਅਤੇ ਸਮਾਜ ਭਲਾਈ ਦੇ ਕੰਮਾਂ ਕਰਕੇ ਮਸ਼ਹੂਰ ਹੈ ਉਥੇ ਕਿਸੇ ਵੀ ਬਿਪਤਾ ਸਮੇਂ ਆਪਣੀ ਵਿਲੱਖਣ ਪਛਾਣ ਦਰਜ ਕਰਵਾਉਂਦਾ ਹੈ।
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਵਿਚ ਚਲ ਰਹੇ ਲੌਕਡਾਊਨ ਕਾਰਨ ਕਰਫ਼ਿਊ ਨੂੰ ਮੁਖ ਰੱਖਦੇ ਹੋਏ ਪਿੰਡ ਦੇ ਸਰਪੰਚ ਬਲਵੀਰ ਸਿੰਘ ਅਤੇ ਪੰਚਾਇਤ ਮੈਂਬਰਾਂ ਦੀ ਅਗਵਾਈ ਹੇਠ ਪਿੰਡ ਦੇ ਨੌਂਜਵਾਨਾ ਅਤੇ ਹੋਰ ਪਤਵੰਤਿਆਂ ਵਲੋਂ ਪਿੰਡ ਬੰਦੀ ਦਾ ਫੈਸਲਾ ਲਿਆ ਗਿਆ।
ਇਸ ਨੂੰ ਤੁਰੰਤ ਅਮਲ ਵਿਚ ਲਿਆ ਕੇ ਬਾਹਰਲੇ ਵਿਅਕਤੀ ਨੂੰ ਪਿੰਡ ਵਿਚ ਆਉਣ ਤੋਂ ਰੋਕਣ ਲਈ ਬੈਨਰ ਲਗਾ ਦਿੱਤੇ ਗਏ। ਪਿੰਡ ਦੇ ਕਾਰਡ ਧਾਰਕਾਂ ਨੂੰ ਰਾਸ਼ਨ ਦਾ ਇੰਤਜ਼ਾਮ ਕਰਵਾਇਆ ਗਿਆ। ਬਿਨਾ ਕਾਰਡ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਗਿਆ। ਸੋਨੂ ਪੰਚ, ਮੋਹਨ ਲਾਲ ਭਾਟੀਆ, ਸਵਰਨ ਸਿੰਘ ਭੁੱਟੋ, ਮੋਹਨ ਸਿੰਘ ਪ੍ਰਧਾਨ, ਵਿਸ਼ਾਲ ਕੁਮਾਰ, ਰਣਜੀਤ ਕੁਮਾਰ, ਵਿਨੋਦ ਕੁਮਾਰ ਆਦਿ ਸੰਕਟ ਦੀ ਘੜੀ ਦੌਰਾਨ ਸੇਵਾ ਵਿਚ ਜੁਟੇ ਹੋਏ ਹਨ।
ਇਥੇ ਦੱਸਣਾ ਬਣਦਾ ਹੈ ਕਿ ਸਮਾਜ ਭਲਾਈ ਦੇ ਕੰਮਾਂ ਪਿਛੇ ਕਾਮਰੇਡ ਰਾਣਾ ਕਰਨ ਸਿੰਘ ਵਲੋਂ ਪਿੰਡ ਨੂੰ ਦਿੱਤੀ ਜਾ ਰਹੀ ਠੀਕ ਸੇਧ ਦੇ ਯਤਨ ਅਤੇ ਨੌਜਵਾਨ ਪੀੜ੍ਹੀ ਦਾ ਸਹਿਯੋਗ ਹੈ। ਕਾਮਰੇਡ ਰਾਣਾ ਕਰਨ ਸਿੰਘ (ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ) ਦੀ ਅਗਵਾਈ ਹੇਠ ਹਵਾ,ਪਾਣੀ ਦੇ ਪ੍ਰਦੂਸ਼ਣ ਖਿਲਾਫ, ਰੋਜ਼ਗਾਰ ਪ੍ਰਾਪਤੀ ਫੈਕਟਰੀਆਂ ਖਿਲਾਫ ਲਗਾਤਾਰ ਸੰਘਰਸ਼ ਚਲਦੇ ਰਹਿੰਦੇ ਹਨ। ਸ਼ਹੀਦਾਂ ਦੇ ਦਿਹਾੜੇ ਵੀ ਧੂਮਧਾਮ ਨਾਲ ਮਨਾਏ ਜਾਂਦੇ ਹਨ।