ਚੰਡੀਗੜ੍ਹ :(ਦਰਸ਼ਨ ਸਿੰਘ ਖੋਖਰ ): ਪੰਜਾਬ ਮੰਤਰੀ ਮੰਡਲ ਨੇ ਅੱਜ ਵੱਡਾ ਫ਼ੈਸਲਾ ਕਰਦਿਆਂ ਪੀਣ ਵਾਲੇ ਪਾਣੀ ਦੇ 2700 ਕਰੋੜ ਰੁਪਏ ਦੇ ਸਾਰੇ ਬਕਾਏ ਮੁਆਫ ਕਰ ਦਿੱਤੇ ਹਨ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਾਣਕਾਰੀ ਦਿੱਤੀ ਕਿ ਸ਼ਹਿਰਾਂ ਦੇ ਸੱਤ ਸੌ ਕਰੋੜ ਰੁਪਏ ਅਤੇ ਪੰਚਾਇਤਾਂ ਦੇ ਟਿਊਬਵੈਲਾਂ ਦੇ ਦੋ ਹਜ਼ਾਰ ਕਰੋੜ ਰੁਪਏ ਦੀ ਮੁਆਫੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗੇ ਤੋਂ ਪੀਣ ਵਾਲੇ ਪਾਣੀ ਦਾ ਬਿੱਲ ਵੀ ਕੇਵਲ ਪੰਜਾਹ ਰੁਪਏ ਹੀ ਆਵੇਗਾ।
ਚੰਨੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਮੰਤਰੀ ਮੰਡਲ ਨੇ ਇਹ ਫ਼ੈਸਲਾ ਕੀਤਾ ਹੈ ਕਿ ਕਲਾਸ -4, ਦੀ ਜੋ ਵੀ ਭਰਤੀ ਹੋਵੇਗੀ ਉਹ ਪੱਕੇ ਤੌਰ ‘ਤੇ ਹੋਵੇਗੀ ਅਤੇ ਆਊਟ ਸੋਰਸਿੰਗ ਦੀ ਨੀਤੀ ਖਤਮ ਕੀਤੀ ਜਾਵੇਗੀ। ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਵੀ ਵਿਸ਼ੇਸ਼ ਨੀਤੀ ਲਿਆਂਦੀ ਜਾਵੇਗੀ। ਮਖੂ ਪੱਟੀ ਰੇਲਵੇ ਟਰੈਕ ਦੀ ਜ਼ਮੀਨ ਐਕਵਾਇਰ ਕਰਨ ਬਾਰੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਖੁਦ ਕਿਸਾਨਾਂ ਦੀ ਜ਼ਮੀਨ ਅਕੁਆਇਰ ਕਰੇਗੀ ਤਾਂ ਕਿ ਕਿਸਾਨਾਂ ਨੂੰ ਜ਼ਮੀਨਾਂ ਦਾ ਸਹੀ ਮੁੱਲ ਦਿੱਤਾ ਜਾ ਸਕੇ। ਬੀ ਐਸ ਐਫ ਨੂੰ ਪੰਜਾਬ ਦੇ ਪੰਜਾਹ ਕਿਲੋਮੀਟਰ ਤੱਕ ਦੇ ਘੇਰੇ ਵਿੱਚ ਤੈਨਾਤ ਕੀਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਮਸਲੇ ‘ਤੇ ਜੇਕਰ ਲੋੜ ਪਈ ਤਾਂ ਸਰਬਦਲੀ ਮੀਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਇਸ ਸੰਵੇਦਨਸ਼ੀਲ ਮਸਲੇ ‘ਤੇ ਬੇਲੋੜੀ ਬਿਆਨਬਾਜ਼ੀ ਨਾ ਕਰਨ। ਨਵਜੋਤ ਸਿੰਘ ਸਿੱਧੂ ਵੱਲੋਂ ਉਭਾਰੇ ਜਾ ਰਹੇ 13 ਨੁਕਤਿਆਂ ਦੀ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਸਾਰੇ ਮੁੱਦੇ ਹੀ ਪੰਜਾਬ ਸਰਕਾਰ ਹੱਲ ਕਰਨ ਦੇ ਯਤਨਾਂ ਵਿੱਚ ਹੈ ।