ਕਰਾਚੀ: ਪਾਕਿਸਤਾਨ ਦੇ ਪਾਣੀਆਂ ਵਿੱਚ ਕਥਿਤ ਨਾਜਾਇਜ਼ ਤੌਰ ’ਤੇ ਮੱਛੀਆਂ ਫੜਨ ਦੇ ਮਾਮਲੇ ’ਚ ਚਾਰ ਸਾਲਾਂ ਦੇ ਸਜ਼ਾ ਪੂਰੀ ਕਰਨ ਮਗਰੋਂ 20 ਭਾਰਤੀ ਮਛੇਰਿਆਂ ਪਾਕਿਸਤਾਨ ਦੀ ਲਾਂਧੀ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਕੀਤੇ ਮਛੇਰਿਆਂ ਨੂੰ ਸੋਮਵਾਰ ਨੂੰ ਵਾਹਗਾ ਸਰਹੱਦ ‘ਤੇ ਲਿਆਂਦਾ ਜਾਵੇਗਾ ਤਾਂ ਜੋ ਭਾਰਤੀ ਅਧਿਕਾਰੀਆਂ ਨੂੰ ਸੌਂਪਿਆ ਜਾ ਸਕੇ।
ਪਾਕਿਸਤਾਨ ਦੀ ਲਾਂਧੀ ਜੇਲ੍ਹ ਦੇ ਸੁਪਰਡੈਂਟ ਇਰਸ਼ਾਦ ਸ਼ਾਹ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਵੱਲੋਂ ਮਛੇਰਿਆਂ ਦੀ ਨਾਗਰਿਕਤਾ ਦੀ ਪੁਸ਼ਟੀ ਕਰਨ ਤੋਂ ਬਾਅਦ ਸਦਭਾਵਨਾ ਵਜੋਂ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਰਿਹਾਅ ਕੀਤੇ ਗਏ ਮਛੇਰੇ ਜ਼ਿਆਦਾਤਰ ਗੁਜਰਾਤ ਦੇ ਹਨ। ਜੇਲ੍ਹ ਸੁਪਰਡੈਂਟ ਇਰਸ਼ਾਦ ਸ਼ਾਹ ਨੇ ਕਿਹਾ, “ਇਨ੍ਹਾਂ ਮਛੇਰਿਆਂ ਨੇ ਚਾਰ ਸਾਲ ਜੇਲ੍ਹ ਵਿੱਚ ਬਿਤਾਏ ਸਨ ਅਤੇ ਸਾਡੀ ਸਰਕਾਰ ਵੱਲੋਂ ਸਦਭਾਵਨਾ ਵਜੋਂ ਅੱਜ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।”
ਸਮਾਜ ਭਲਾਈ ਸੰਸਥਾ ‘ਈਧੀ ਫਾਊਂਡੇਸ਼ਨ’ ਨੇ ਮਛੇਰਿਆਂ ਨੂੰ ਲਾਹੌਰ ਵਿੱਚ ਵਾਹਗਾ ਸਰਹੱਦ ’ਤੇ ਪਹੁੰਚਾਉਣ ਦਾ ਪ੍ਰਬੰਧ ਕੀਤਾ, ਜਿੱਥੇ ਸੋਮਵਾਰ 15 ਨਵੰਬਰ ਨੂੰ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਰਸ਼ਾਦ ਨੇ ਕਿਹਾ, ‘ਅਸੀਂ ਰਿਹਾਅ ਕੀਤੇ ਮਛੇਰੇ ‘ਈਧੀ’ ਫਾਊਂਡੇਸ਼ਨ ਨੂੰ ਸੌਂਪ ਦਿੱਤੇ ਹਨ, ਜਿਹੜੀ ਉਨ੍ਹਾਂ ਦੀ ਯਾਤਰਾ ਲਈ ਅਤੇ ਹੋਰ ਖਰਚਾ ਕਰ ਰਹੀ ਹੈ। ਉਹ ਅਲਾਮਾ ਇਕਬਾਲ ਐੱਕਸਪ੍ਰੈੱਸ ਰੇਲਗੱਡੀ ਰਾਹੀਂ ਲਾਹੌਰ ਜਾਣਗੇ।’
ਅਧਿਕਾਰੀ ਨੇ ਦੱਸਿਆ ਕਿ ਹਾਲੇ ਵੀ 588 ਭਾਰਤੀ ਨਾਗਰਿਕ ਲਾਂਧੀ ਜ਼ਿਲ੍ਹਾ ਵਿੱਚ ਬੰਦ ਹਨ। ਉਨ੍ਹਾਂ ਕਿਹਾ, ‘ਸਿੰਧ ਦੇ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਮਿਲਣ ਮਗਰੋਂ ਉਨ੍ਹਾਂ ਨੂੰ ਵੀ ਰਿਹਾਅ ਕਰ ਦੇਵਾਂਗੇ।