ਪਰਾਲੀ ਸੰਭਾਲਣ ਬਾਰੇ ਨਤੀਜੇ ਹਾਂ-ਪੱਖੀ ਹਨ, ਪਰ ਹੋਰ ਹੰਭਲਾ ਮਾਰਨ ਦੀ ਲੋੜ : ਕਾਹਨ ਸਿੰਘ ਪੰਨੂ

TeamGlobalPunjab
6 Min Read

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਰਾਲੀ ਦੀ ਸੰਭਾਲ ਬਾਰੇ ਦੋ ਰੋਜ਼ਾ ਸੈਮੀਨਾਰ ਅੱਜ ਤੋਂ ਸ਼ੁਰੂ ਹੋਇਆ। ਡਾ. ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ ਵਿੱਚ ਕਰਵਾਇਆ ਜਾ ਰਿਹਾ ਇਹ ਸੈਮੀਨਾਰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਰਾਸ਼ਟਰੀ ਖੇਤੀ ਉਚ ਸਿੱਖਿਆ ਮਿਸ਼ਨ ਤਹਿਤ ਵਿਸ਼ਵ ਬੈਂਕ ਵੱਲੋਂ ਪ੍ਰਯੋਜਿਤ ਸਕੂਲ ਆਫ਼ ਨੈਚੂਰਲ ਰਿਸੋਰਸ ਮੈਨੇਜਮੈਂਟ ਅਤੇ ਐਡਵਾਂਸਡ ਐਗਰੀਕਲਚਰ ਸਾਇੰਸ ਐਂਡ ਤਕਨਾਲੋਜੀ ਸੈਂਟਰ (ਕਾਸਟ) ਵੱਲੋਂ ਸਹਾਇਤਾ ਪ੍ਰਾਪਤ ਹੈ। ਪੰਜਾਬ ਦੇ ਖੇਤੀਬਾੜੀ ਕਮਿਸ਼ਨਰ ਸ. ਕਾਹਨ ਸਿੰਘ ਪੰਨੂ, ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ ਐਸ ਮਰਵਾਹਾ ਅਤੇ ਖੇਤੀਬਾੜੀ ਕਮਿਸ਼ਨਰ ਪੰਜਾਬ ਡਾ. ਬਲਵਿੰਦਰ ਸਿੰਘ ਸਿੱਧੂ ਤੋਂ ਇਲਾਵਾ ਡਾ. ਜਗੀਰ ਸਿੰਘ ਸਮਰਾ ਇਸ ਸੈਮੀਨਾਰ ਦੇ ਉਦਘਾਟਨੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।

ਇਸ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਵਿੱਚ ਸ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਹਰੀ ਕ੍ਰਾਂਤੀ ਵੀ ਦੇਸ਼ ਦੇ ਉਤਰੀ ਭਾਗ ਵਿੱਚ ਪਹਿਲਾਂ ਆਈ ਅਤੇ ਬਾਕੀ ਦੇਸ਼ ਵਿੱਚ ਬਾਅਦ ਵਿੱਚ ਇਸੇ ਤਰੀਕੇ ਨਾਲ ਪਰਾਲੀ ਦੀ ਸਮੱਸਿਆ ਲਈ ਵੀ ਉਤਰੀ ਭਾਰਤ ਨੂੰ ਹੀ ਪਹਿਲਕਦਮੀ ਕਰਨੀ ਪਵੇਗੀ। ਉਹਨਾਂ ਕਿਹਾ ਕਿ ਇਸ ਗੱਲ ਦੇ ਅੰਕੜੇ ਹਨ ਕਿ ਅੱਗ ਨਾ ਲਾਉਣ ਨਾਲ ਮਿੱਟੀ ਦਾ ਜੈਵਿਕ ਮਾਦਾ ਵਧਿਆ ਹੈ ਅਤੇ ਖਾਦਾਂ ਦੀ ਬੱਚਤ ਤੋਂ ਆਰਥਿਕ ਲਾਭ ਹੋਇਆ ਹੈ। ਪਿਛਲੇ ਸਾਲਾਂ ਵਿੱਚ ਕਣਕ ਦਾ ਝਾੜ ਵੀ ਵਧਿਆ ਹੈ। ਜੋ ਸਮੱਸਿਆਵਾਂ ਸਾਹਮਣੇ ਆਈਆਂ ਹਨ ਉਹ ਫਾਇਦਿਆਂ ਦੇ ਸਾਹਮਣੇ ਨਿਗੂਣੀਆਂ ਹਨ। ਸ੍ਰੀ ਪੰਨੂ ਨੇ ਕਿਹਾ ਕਿ ਇਸ ਸਮੱਸਿਆ ਨੂੰ ਕਾਬੂ ਕਰਨ ਲਈ ਪੂਸਾ 44 ਹੇਠ ਰਕਬੇ ਨੂੰ ਬਿਲਕੁਲ ਖਤਮ ਕਰਨ ਦੀ ਲੋੜ ਹੈ।

ਤਕਨਾਲੋਜੀ ਦੀ ਵਰਤੋਂ ਹੌਲੀ ਹੌਲੀ ਆਪਣਾ ਥਾਂ ਬਣਾ ਰਹੀ ਹੈ ਅਤੇ ਖੇਤੀ ਸੱਭਿਆਚਾਰ ਵਿੱਚ ਹਾਂ ਪੱਖੀ ਤਬਦੀਲੀਆਂ ਲਿਆ ਰਹੀ ਹੈ ਪਰ ਇਸ ਸੰਬੰਧ ਵਿੱਚ ਹੋਰ ਹੰਭਲਾ ਮਾਰਨ ਦੀ ਲੋੜ ਹੈ।

ਡਾ. ਬਲਦੇਵ ਸਿੰਘ ਢਿੱਲੋਂ ਨੇ ਉਦਘਾਟਨੀ ਸ਼ਬਦ ਬੋਲਦਿਆਂ ਪਰਾਲੀ ਦੀ ਸੰਭਾਲ ਨਾਲ ਜੁੜੀਆਂ ਸਾਰੀਆਂ ਧਿਰਾਂ ਦੇ ਇੱਕ ਮੰਚ ਤੇ ਇਕੱਤਰ ਹੋ ਕੇ ਵਿਚਾਰ ਕਰਨ ਨੂੰ ਸ਼ੁਭ ਸ਼ਗਨ ਕਿਹਾ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਹੀ ਨਹੀਂ ਉਤਰੀ ਭਾਰਤ ਦੀ ਖੇਤੀ ਸਾਹਮਣੇ ਪਾਣੀ ਅਤੇ ਪਰਾਲੀ ਦੀ ਸੰਭਾਲ ਚੁਣੌਤੀਪੂਰਨ ਮੁੱਦੇ ਹਨ। ਡਾ. ਢਿੱਲੋਂ ਨੇ ਕਿਹਾ ਕਿ ਜਿਵੇਂ ਵੀ ਹੋਵੇ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣੀ ਹੀ ਪਵੇਗੀ ਕਿਉਂਕਿ ਪੰਜਾਬ ਵਿੱਚ ਪੈਦਾ ਹੋ ਰਿਹਾ ਕਣਕ-ਝੋਨਾ 80% ਤੋਂ ਵਧੇਰੇ ਬਾਹਰ ਜਾ ਰਿਹਾ ਹੈ। ਹੁਣ ਜੈਵਿਕ ਮਾਦੇ ਦੀ ਮਿੱਟੀ ਵਿੱਚ ਸੰਭਾਲ ਰਾਹੀਂ ਪੋਸ਼ਕ ਤੱਤਾਂ ਨੂੰ ਸੰਭਾਲ ਲੈਣਾ ਸਾਰਥਕ ਪਹਿਲਕਦਮੀ ਹੋਵੇਗੀ। ਉਹਨਾਂ ਨੇ ਪਿਛਲੇ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਉਣ ਤੇ ਤਸੱਲੀ ਪ੍ਰਗਟਾਈ ਪਰ ਨਾਲ ਹੀ ਇਸ ਸੰਬੰਧੀ ਹੋਰ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਡਾ. ਢਿੱਲੋਂ ਨੇ ਕਿਹਾ ਕਿ ਇਸ ਸਮੱਸਿਆ ਨਾਲ ਸੰਬੰਧਿਤ ਚਾਰ ਪ੍ਰਮੁੱਖ ਧਿਰਾਂ ਹਨ। ਤਕਨਾਲੋਜੀ ਮੁਹੱਈਆ ਕਰਾਉਣ ਲਈ ਪੀ.ਏ.ਯੂ., ਨੀਤੀਆਂ ਬਨਾਉਣ ਲਈ ਸਰਕਾਰ, ਨੀਤੀਆਂ ਨੂੰ ਅਮਲ ਵਿੱਚ ਲਿਆਉਣ ਦਾ ਮਾਹੌਲ ਪੈਦਾ ਕਰਨ ਲਈ ਉਦਯੋਗ ਅਤੇ ਇਹਨਾਂ ਦੇ ਨਾਲ-ਨਾਲ ਸਭ ਤੋਂ ਅਹਿਮ ਕਿਸਾਨ ਹਨ। ਡਾ. ਢਿੱਲੋਂ ਨੇ ਪੀ.ਏ.ਯੂ. ਵੱਲੋਂ ਮਸ਼ੀਨਰੀ, ਪਸਾਰ ਗਤੀਵਿਧੀਆਂ, ਪਰਾਲੀ ਦੀ ਸੰਭਾਲ ਲਈ ਸਿਫ਼ਾਰਸ਼ਾਂ ਅਤੇ ਘੱਟ ਮਿਆਦ ਵਿੱਚ ਪੱਕਣ ਵਾਲੀਆਂ ਕਿਸਮਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਕੋਈ ਵੀ ਤਕਨਾਲੋਜੀ ਅੰਤਿਮ ਨਹੀਂ ਹੈ। ਮੁੱਦਾ ਪਰਾਲੀ ਨੂੰ ਕਿਸੇ ਵੀ ਤਰੀਕੇ ਨਾਲ ਸੰਭਾਲਣ ਦਾ ਹੈ। ਇਸ ਸੈਮੀਨਾਰ ਤੋਂ ਨਿੱਤਰ ਕੇ ਆਏ ਨਤੀਜੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਪੀ.ਏ.ਯੂ. ਦੇ ਵਿਗਿਆਨੀਆਂ ਤੇ ਖੋਜੀਆਂ ਲਈ ਵੀ ਰਾਹ ਦਸੇਰੇ ਸਾਬਿਤ ਹੋਣਗੇ ਇਹ ਆਸ ਡਾ. ਢਿੱਲੋਂ ਨੇ ਆਪਣੀ ਟਿੱਪਣੀ ਵਿੱਚ ਪ੍ਰਗਟ ਕੀਤੀ।


ਪਹਿਲਾ ਤਕਨੀਕੀ ਸੈਸ਼ਨ ਪੰਜਾਬ ਦੇ ਖੇਤੀਬਾੜੀ ਸਕੱਤਰ ਸ. ਕਾਹਨ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਸਿਰੇ ਚੜਿਆ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਸੈਸ਼ਨ ਦੌਰਾਨ ਸਭ ਤੋਂ ਮਹੱਤਵਪੂਰਨ ਪੇਸ਼ਕਾਰੀ ਦਿੱਤੀ। ਡਾ. ਮਾਹਲ ਨੇ ਦੱਸਿਆ ਕਿ ਅੱਜ ਪੰਜਾਬ ਦੇ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਫ਼ਸਲ ਪੈਦਾ ਹੋ ਰਹੀ ਹੈ ਜਿਸ ਵਿੱਚੋਂ ਬਹੁਤ ਵੱਡੀ ਮਾਤਰਾ ਵਿੱਚ ਪਰਾਲੀ ਪੈਦਾ ਹੁੰਦੀ ਹੈ। ਉਹਨਾਂ ਨੇ ਪਰਾਲੀ ਸਾੜਨ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਡਾ. ਮਾਹਲ ਨੇ ਪਰਾਲੀ ਦੀ ਸੰਭਾਲ ਦੇ ਖੇਤ ਅੰਦਰ ਅਤੇ ਖੇਤ ਤੋਂ ਬਾਹਰ ਸਾਰੇ ਤਰੀਕੇ ਅਤੇ ਤਕਨਾਲੋਜੀ ਬਾਰੇ ਚਾਨਣਾ ਪਾਇਆ । ਨਾਲ ਹੀ ਉਹਨਾਂ ਨੇ ਇਸ ਸੰਬੰਧ ਵਿੱਚ ਅੰਕੜੇ ਪੇਸ਼ ਕਰਦਿਆਂ ਦਰਸਾਇਆ ਕਿ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਘੱਟ ਮਿਆਦ ਦੀਆਂ ਝੋਨੇ ਦੀਆਂ ਕਿਸਮਾਂ ਕਣਕ ਦੀ ਬਿਜਾਈ ਤੋਂ ਪਹਿਲਾਂ ਵਾਲੇ ਵਕਫ਼ੇ ਵਿੱਚ ਵਾਧੇ ਲਈ ਸਹਾਈ ਹੁੰਦੀਆਂ ਹਨ ਜਿਸ ਨਾਲ ਕਿਸਾਨ ਨੂੰ ਪਰਾਲੀ ਦੀ ਸੰਭਾਲ ਲਈ ਵਧੇਰੇ ਸਮਾਂ ਮਿਲ ਜਾਂਦਾ ਹੈ। ਡਾ. ਮਾਹਲ ਨੇ ਆਪਣੀ ਪੇਸ਼ਕਾਰੀ ਇਸ ਗੱਲ ਨਾਲ ਖਤਮ ਕੀਤੀ ਕਿ ਕਿਸੇ ਵੀ ਤਰੀਕੇ ਨਾਲ ਪਰਾਲੀ ਨੂੰ ਮਿੱਟੀ ਵਿੱਚ ਵਾਹੁਣਾ ਹੀ ਉਸਦੀ ਸਾਰਥਕ ਵਰਤੋਂ ਹੈ।

ਅੱਜ ਸੈਮੀਨਾਰ ਵਿੱਚ ਹੋਰ ਪੈਨਲ ਵਿਚਾਰ ਚਰਚਾਵਾਂ ਦੌਰਾਨ ਫਾਰਮ ਮਸ਼ੀਨੀਕਰਨ ਰਾਹੀਂ ਪਰਾਲੀ ਦੀ ਸੰਭਾਲ, ਖੇਤ ਅੰਦਰ ਪਰਾਲੀ ਸੰਭਾਲਣ ਦੇ ਪ੍ਰਭਾਵਾਂ ਬਾਰੇ ਗੱਲਬਾਤ ਅਤੇ ਇਸ ਸੰਬੰਧੀ ਖੋਜ ਅਤੇ ਪਸਾਰ ਦੀ ਰਣਨੀਤੀ ਤਿਆਰ ਕਰਨ ਲਈ ਫ਼ਸਲ ਵਿਗਿਆਨਕ ਅਤੇ ਸਮਾਜ ਆਰਥਕ ਪੱਖ ਤੋਂ ਮੁੱਦੇ ਵਿਚਾਰੇ ਗਏ। ਸਮਾਗਮ ਦੀ ਕਾਰਵਾਈ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਚਲਾਈ।

Share This Article
Leave a Comment