ਕਪੂਰਥਲਾ: ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (ਪੰਜਾਬ ਅਸੈਂਬਲੀ ਇਲੈਕਸ਼ਨ 2022) ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਵਿਰੋਧੀ ਪਾਰਟੀਆਂ ‘ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਕੈਪਟਨ ‘ਤੇ ਵਰ੍ਹਦਿਆਂ ਕਿਹਾ, ‘ਕੈਪਟਨ ਅਮਰਿੰਦਰ ਸਿੰਘ ਹੁਣ ਘਰ ਬੈਠ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰ ਚੱਟ ਰਹੇ ਹਨ।’ ਸਿੱਧੂ ਦਾ ਇਹ ਬਿਆਨ ਕੈਪਟਨ ਦੀ ਪਾਰਟੀ ਅਤੇ ਭਾਜਪਾ ਵਿਚਾਲੇ ਗਠਜੋੜ ਦੇ ਐਲਾਨ ਤੋਂ ਇਕ ਦਿਨ ਬਾਅਦ ਆਇਆ ਹੈ। ਨਵਜੋਤ ਸਿੰਘ ਸਿੱਧੂ ਨੇ ਕਪੂਰਥਲਾ ‘ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਅਮਰਿੰਦਰ ਸਿੰਘ ਨੂੰ ‘ਹੰਕਾਰੀ ਰਾਜਾ’ ਕਿਹਾ। ਕੈਪਟਨ ਦੇ ਪੁਰਾਣੇ ਬਿਆਨ ਨੂੰ ਦੁਹਰਾਉਂਦੇ ਹੋਏ ਸਿੱਧੂ ਨੇ ਕਿਹਾ, ‘ਕੈਪਟਨ (ਅਮਰਿੰਦਰ ਸਿੰਘ) ਨੇ ਕਿਹਾ ਸੀ ਕਿ ਸਿੱਧੂ ਲਈ ਦਰਵਾਜ਼ੇ ਬੰਦ ਹਨ, ਪਰ ਅੱਜ ਉਹ (ਅਮਰਿੰਦਰ ਸਿੰਘ) ਘਰ ਬੈਠ ਕੇ ਪੀਐਮ ਮੋਦੀ ਦੇ ਪੈਰ ਚੱਟ ਰਹੇ ਹਨ।’
ਦੱਸ ਦੇਈਏ ਕਿ 2 ਨਵੰਬਰ ਨੂੰ ਕਾਂਗਰਸ ‘ਚ ਚੱਲ ਰਹੀ ਲੰਬੀ ਲੜਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਆਪਣੀ ਪਾਰਟੀ ਬਣਾ ਲਈ ਸੀ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਅਤੇ ਕੈਪਟਨ ਦੀ ਪਾਰਟੀ ਦੇ ਗਠਜੋੜ ‘ਚ ਭਾਜਪਾ ਜ਼ਿਆਦਾ ਸੀਟਾਂ ‘ਤੇ ਚੋਣ ਲੜ ਸਕਦੀ ਹੈ। ਪੰਜਾਬ ‘ਚ ਭਾਜਪਾ 70 ਤੋਂ 80 ਸੀਟਾਂ ‘ਤੇ ਚੋਣ ਲੜ ਸਕਦੀ ਹੈ।