ਚੰਡੀਗੜ੍ਹ, (ਅਵਤਾਰ ਸਿੰਘ): ਕਿਸਾਨ ਅੰਦੋਲਨ ਜਾਰੀ ਹੈ ਜਾਂ ਇਸ ਨੂੰ ਸਾਬੋਤਾਜ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਸਿੰਘੁ ਅਤੇ ਗਾਜ਼ੀਪੁਰ ਬਾਰਡਰ ਉਪਰ ਕਿਸਾਨਾਂ ਦੇ ਸ਼ਾਂਤਮਈ ਚਲ ਰਹੇ ਅੰਦੋਲਨ ਵਿੱਚ ਕਥਿਤ ਬਾਹਰੀ ਬੰਦੇ ਆ ਕੇ ਕਿਸਾਨਾਂ ਨਾਲ ਬਦਸਲੂਕੀ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕਿਸਾਨ ਆਗੂ ਇਸ ਦਾ ਦੋਸ਼ ਦਿੱਲੀ ਪੁਲਿਸ ਅਤੇ ਕੇਂਦਰ ਦੀ ਸਰਕਾਰ ਉਪਰ ਮੜ੍ਹ ਰਹੇ ਹਨ। ਮੀਡੀਆ ਦਾ ਇਕ ਹਿੱਸਾ ਜੋ ਸਭ ਕੁਝ ਦੇਖ ਤੇ ਕਵਰ ਕਰ ਰਿਹਾ ਉਸ ਨੂੰ ਗੁੰਡਾਗਰਦੀ ਦਸ ਰਿਹਾ ਹੈ। ਸ਼ਾਂਤਮਈ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਸਰਕਾਰ ਉਨ੍ਹਾਂ ਉਪਰ ਜ਼ੁਲਮ ਢਾਹ ਰਹੀ ਹੈ। ਕਿਸਾਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਉਹ ਕੇਵਲ ਆਪਣੇ ਹੱਕ ਕਾਨੂੰਨ ਵਾਪਸੀ ਦੀ ਮੰਗ ਕਰ ਰਹੇ ਹਨ। ਉਧਰ ਪੰਜਾਬ ਤੋਂ ਦਿੱਲੀ ਦੀ ਟ੍ਰੈਕਟਰ ਰੈਲੀ ਵਿਚ ਗਏ ਕਈ ਨੌਜਵਾਨ ਆਪਣੇ ਘਰੀਂ ਨਹੀਂ ਮੁੜੇ। ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲਗ ਰਿਹਾ।
ਰਿਪੋਰਟਾਂ ਮੁਤਾਬਿਕ ਮੋਗਾ ਨੇੜਲੇ ਪਿੰਡ ਤਤਾਰੀਏਵਾਲਾ ਦੇ 12 ਨੌਜਵਾਨਾਂ ਬਾਰੇ ਦਿੱਲੀ ਪੁਲੀਸ ਵੱਲੋਂ ਕੋਈ ਜਾਣਕਾਰੀ ਨਾ ਦੇਣ ਤੋਂ ਨੌਜਵਾਨਾਂ ਦੇ ਪਰਿਵਾਰ ਫ਼ਿਕਰਮੰਦ ਹਨ। ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਅਕਾਲੀ ਆਗੂ ਮੁਖਤਿਆਰ ਸਿੰਘ, ਮਾਸਟਰ ਅਮਰਜੀਤ ਸਿੰਘ, ਗੁਰਨਾਹਰ ਸਿੰਘ ਤੇ ਹੋਰ ਪਿੰਡ ਵਾਸੀਆਂ ਅਨੁਸਾਰ 23 ਜਨਵਰੀ ਨੂੰ ਪਿੰਡ ਦੇ ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਦਲਜਿੰਦਰ ਸਿੰਘ, ਜਗਦੀਪ ਸਿੰਘ, ਜਗਦੀਸ਼ ਸਿੰਘ, ਨਵਦੀਪ ਸਿੰਘ ਬਲਵੀਰ ਸਿੰਘ, ਭਾਗ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਰਮਨਦੀਪ ਸਿੰਘ ਅਤੇ ਜਸਵੰਤ ਸਿੰਘ ਟਰੈਕਟਰ ਲੈ ਕੇ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਏ ਸਨ। ਇਹ ਨੌਜਵਾਨ ਕਿਸੇ ਦੇਸ਼ ਵਿਰੋਧੀ ਜਾਂ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਰੱਖਦੇ। ਇਹ ਨੌਜਵਾਨ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਦਿੱਲੀ ਗਏ ਸਨ।
ਇਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਦਖ਼ਲ ਦੀ ਮੰਗ ਕੀਤੀ ਹੈ। ਦਿੱਲੀ ਪੁਲਿਸ ਨੌਜਵਾਨਾਂ ਦੀ ਗ੍ਰਿਫ਼ਤਾਰੀ ਬਾਰੇ ਕੁਝ ਵੀ ਨਹੀਂ ਦੱਸ ਰਹੀ ਹੈ। ਇਸ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ ਤੇ ਪਰਿਵਾਰਕ ਮੈਂਬਰ ਚਿੰਤਤ ਹਨ। ਪਰਿਵਾਰਾਂ ਨੇ ਦਾਅਵਾ ਕੀਤਾ ਕਿ 26 ਜਨਵਰੀ ਨੂੰ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਨੌਜਵਾਨਾਂ ਨੇ ਫੋਨ ‘ਤੇ ਪਰਿਵਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਟਰੈਕਟਰਾਂ ਸਮੇਤ ਦਿੱਲੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦਾ ਲਾਲ ਕਿਲ੍ਹੇ ਦੀ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ। ਪਰਿਵਾਰਾਂ ਨੇ ਕਿਸਾਨ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਦੀ ਭਾਲ ਕਰ ਕੇ ਪਰਿਵਾਰ ਨੂੰ ਸੂਚਿਤ ਕਰਕੇ ਰਿਹਾਈ ਕਰਵਾਉਣ।
ਇਨ੍ਹਾਂ ਨਾਲ ਸਬੰਧਤ ਅਪਾਹਜ਼ ਗੁਰਜੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਭਾਗ ਸਿੰਘ ਦਿੱਲੀ ਕਿਸਾਨ ਪਰੇਡ ਵਿੱਚ ਗਿਆ ਸੀ। ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ। ਉਹ ਅਪਾਹਜ ਹੈ ਤੇ ਉਸ ਦੇ ਛੋਟੇ ਛੋਟੇ ਬੱਚੇ ਹਨ। ਇਕ ਹੋਰ ਸੁਖਜਿੰਦਰ ਕੌਰ ਨੇ ਕਿਹਾ ਕਿ ਉਸ ਦਾ ਲੜਕਾ ਫ਼ੌਜ ਵਿੱਚ ਹੈ ਅਤੇ ਦੂਜਾ ਲੜਕਾ ਦਿੱਲੀ ਗਿਆ ਸੀ। ਉਸ ਦਾ ਕੋਈ ਥਹੁ – ਪਤਾ ਨਹੀਂ ਲਗ ਰਿਹਾ। ਇਸ ਤਰ੍ਹਾਂ ਹੋਰ ਪਰਿਵਾਰਾਂ ਨੇ ਵੀ ਦਿੱਲੀ ਗਏ ਆਪਣੇ ਪੁੱਤਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਰਿਹਾਈ ਮੰਗੀ ਹੈ।