ਦਿਲਚਸਪ: ਇਸ ਵਾਰ ਸਾਢੇ ਛੇ ਲੱਖ ਕ੍ਰਿਸ਼ਨ, 9 ਲੱਖ ਅਰਜੁਨ ਸਮੇਤ ਸ਼ਕੁਨੀ, ਦੁਰਯੋਧਨ ਤੇ ਪਾਂਡੂ ਚੁਣਨਗੇ ਸਰਕਾਰ

TeamGlobalPunjab
2 Min Read

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ‘ਚ ਦੇਸ਼ ਦੇ 20 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 91 ਲੋਕ ਸਭਾ ਸੀਟਾਂ ਅਤੇ ਚਾਰ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ। ਉਥੇ ਹੀ ਅੱਜ ਦੂਸਰੇ ਪੜਾਅ ਤਹਿਤ 95 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਇਹ ਗੱਲ ਵੀ ਸੰਭਵ ਹੈ ਕਿ ਵੋਟਰਾਂ ਦੀ ਕਤਾਰ ਵਿਚ ਸ਼ਕੁਨੀ, ਸ਼ਿਖੰਡੀ, ਗਾਂਧਾਰੀ ਅਤੇ ਪੂਤਨਾ ਵੀ ਤੁਹਾਡੇ ਆਸ-ਪਾਸ ਨਜ਼ਰ ਆਉਣਗੇ। ਸਿਰਫ ਇਹ ਹੀ ਨਹੀਂ ਧ੍ਰਿਤਰਾਸ਼ਟਰ, ਦੁਰਯੋਧਨ, ਦੁਸ਼ਾਸਨ ਅਤੇ ਘਟੋਤਕਚ ਵੀ ਵੋਟ ਪਾਉਣ ਲਈ ਪਹੁੰਚਣਗੇ।

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਵਾਰ ਮਹਾਂਭਾਰਤ ਦੇ ਪਾਤਰਾਂ ਦੇ ਨਾਮ ਵਾਲੇ ਵੋਟਰਾਂ ਦੀ ਗਿਣਤੀ ਲੱਖਾਂ ਵਿਚ ਹੈ। ਇਸ ਅਨੁਸਾਰ 6.44 ਲੱਖ ਕ੍ਰਿਸ਼ਨ ਆਪਣੇ–ਆਪਣੇ ਖੇਤਰ ਵਿਚ ਵੋਟ ਪਾਉਣਗੇ ਤੇ ਕਰੀਬ 30 ਲੱਖ ਗੀਤਾ ਵੀ ਵੋਟ ਪਾਉਣ ਲਈ ਘਰੋਂ ਨਿਕਲਣਗੀਆਂ। ਸ਼ਾਂਤਨੂ, ਭੀਸ਼ਮ, ਵਿਚਿਤਰਵੀਰਯਾ ਦੇ ਨਾਲ ਧ੍ਰਿਤਰਾਸ਼ਟਰ ਅਤੇ ਪਾਂਡੂ ‘ਤੇ ਵੀ ਸਰਕਾਰ ਚੁਣਨ ਦੀ ਅਹਿਮ ਜ਼ਿੰਮੇਵਾਰੀ ਹੈ। ਮਹਾਂਭਾਰਤ ਦਾ ਹਸਤਿਨਾਪੁਰ ਵਿਚ ਅੱਖੀਂ ਦੇਖਿਆ ਹਾਲ ਸੁਣਨ ਵਾਲੇ ਸੰਜੇ ਦੇ ਹਮਨਾਮ 26 ਲੱਖ ਤੋਂ ਜ਼ਿਆਦਾ ਹਨ ਤੇ 75 ਧ੍ਰਿਤਰਾਸ਼ਟਰ ਵੀ ਇਸ ਸੂਚੀ ਵਿਚ ਦਰਜ ਹਨ।

ਇੰਝ ਤਾਂ ਗਾਂਧਾਰੀ, ਦੁਰੋਯਧਨ ਅਤੇ ਦੁਸ਼ਾਸਨ ਵਰਗੇ ਪਾਤਰਾਂ ਤੋਂ ਇਲਾਵਾ ਜੈਦ੍ਰਥ ਅਤੇ ਅਸ਼ਵਤਥਾਮਾ ਦੇ ਨਾਮ ਵੀ ਵੋਟਰ ਸੂਚੀ ਵਿਚ ਸ਼ਾਮਲ ਹਨ। ਇਸ ਦੇ ਨਾਲ ਵਿਦੁਰ ਅਤੇ ਕਰਨ ਵੀ ਈਵੀਐਮ ਦਾ ਬਟਨ ਦਬਾਉਣ ਪਹੁੰਚਣਗੇ। ਪ੍ਰੰਤੂ ਗਿਣਤੀ ਦੇ ਮਾਮਲੇ ਵਿਚ ਪਾਂਡਵਾਂ ਦਾ ਕੁਨਬਾ ਇਨ੍ਹਾਂ ਉਤੇ ਭਾਰੀ ਹੈ। ਯੁਧਿਸ਼ਿਠਰ, ਅਰਜੁਨ, ਭੀਮ, ਨਕੁਲ ਅਤੇ ਸਹਿਦੇਵ ਦੇ ਨਾਲ ਕੁੰਤੀ ਅਤੇ ਦ੍ਰੋਪਦੀ ਵੀ ਵੋਟਰ ਹਨ। ਮਹਾਭਾਰਤ ਦੇ ਰਚੇਤਾ ਵੇਦਵਿਆਸ ਦੀ ਤਾਦਾਦ 1685 ਹੈ ਤਾਂ 265 ਮਹਾਭਾਰਤ ਵੀ ਹਨ। ਦੇਸ਼ ਭਰ ਦੀ ਵੋਟਰ ਸੂਚੀ ਵਿਚ 326 ਸ਼ਕੁਨੀ ਤੇ 41 ਸ਼ਿਖੰਡੀ ਵੀ ਹਨ।

ਹਰਿਆਣਾ ਦੇ ਕੁਰੂਕੇਸ਼ਤਰ ਜ਼ਿਲ੍ਹਾ ਲੋਕ ਸਭਾ ਖੇਤਰ ਵੀ ਹੈ। ਇੱਥੇ ਉਹ ਵਟਬਿਰਛ ਵੀ ਹੈ ਜਿੱਥੇ ਕ੍ਰਿਸ਼ਨਾ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ। ਕੁਰੂਕੇਸ਼ਤਰ ਦੀ ਵੋਟਰ ਸੂਚੀ ਵਿਚ 3722 ਕ੍ਰਿਸ਼ਨਾ, 31 ਪਾਰਥ ਅਤੇ 3029 ਗੀਤਾ ਹਨ ਤੇ ਸੰਜੇ ਦੀ ਗਿਣਤੀ 1569 ਹੈ।

- Advertisement -

Share this Article
Leave a comment