ਤੰਦਰੁਸਤ ਪੰਜਾਬ ਮਿਸ਼ਨ ਤਹਿਤ ਤਿਆਰ ਰਿਪੋਰਟ ਨੇ ਐਨ.ਐਚ.ਏ.ਆਈ. ਨੂੰ ਕਾਰਵਾਈ ਕਰਨ ਲਈ ਪ੍ਰੇਰਿਆ

TeamGlobalPunjab
4 Min Read

ਚੰਡੀਗੜ੍ਹ : ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪ੍ਰਾਜੈਕਟ ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ ਟੀਮ ਅਤੇ ਪੰਜਾਬ ਪੁਲੀਸ ਦੇ ਟਰੈਫਿਕ ਵਿੰਗ ਵੱਲੋਂ ‘ਸੁਰੱਖਿਆ ਵਿਸ਼ਲੇਸ਼ਣ ਅਤੇ ਦੁਰਘਟਨਾ ਬਲੈਕ ਸਪਾਟਸ ਦੀ ਪਹਿਚਾਣ’ ਬਾਰੇ ਸਾਂਝੇ ਤੌਰ ‘ਤੇ ਤਿਆਰ ਕੀਤੀ ਰਿਪੋਰਟ ਨੇ ਕੌਮੀ ਸ਼ਾਹਮਾਰਗ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ)  ਨੂੰ ਦੁਰਘਟਨਾ ਵਾਲੀਆਂ 20 ਅਤਿ ਸੰਵੇਦਨਸ਼ੀਲ ਥਾਵਾਂ ‘ਤੇ ਤੁਰੰਤ ਸੁਧਾਰਵਾਦੀ ਕਦਮ ਵਿੱਢਣ ਲਈ ਪ੍ਰੇਰਿਤ ਕੀਤਾ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰਾਲੇ ਅਨੁਸਾਰ ਸੜਕ ਦੁਰਘਟਨਾ ਬਲੈਕਸਪਾਟ ਰਾਸ਼ਟਰੀ ਸ਼ਾਹਮਾਰਗਾਂ ‘ਤੇ ਤਕਰੀਬਨ 500 ਮੀਟਰ ਲੰਮੀ ਸੜਕ ਹੈ, ਜਿੱਥੇ ਪਿਛਲੇ ਤਿੰਨ ਸਾਲਾਂ ਦੌਰਾਨ 5 ਸੜਕੀ ਦੁਰਘਟਨਾਵਾਂ (ਦੁਰਘਟਨਾਵਾਂ ਕਾਰਨ ਮੌਤ/ਬੁਰੀ ਤਰ੍ਹਾਂ ਜਖ਼ਮੀ ਹੋਣਾ) ਜਾਂ ਪਿਛਲੇ 3 ਸਾਲਾਂ ਦੌਰਾਨ ਦੁਰਘਟਨਾਵਾਂ ਵਿੱਚ 10 ਮੌਤਾਂ ਹੋਈਆਂ ਹਨ।
ਪੰਨੂੰ ਨੇ ਕਿਹਾ ਕਿ ਸੜਕ ਦੁਰਘਟਨਾ ਦੇ ਵਿਸਥਾਰਤ ਵਿਸ਼ੇਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਕੌਮੀ ਸ਼ਾਹਮਾਰਗ-44 ਦੇ ਪੰਜਾਬ ਵਿੱਚ ਪੈਂਦੇ 175 ਕਿਲੋਮੀਟਰ ਹਿੱਸੇ ‘ਤੇ ਕੁੱਲ 92 ਦੁਰਘਟਨਾ ਬਲੈਕ ਸਪਾਟ ਹਨ।  ਪਿਛਲੇ 3 ਸਾਲਾਂ ਦੌਰਾਨ ਸੜਕੀ ਦੁਰਘਟਨਾਵਾਂ ਦੇ ਦਰਜ ਕੀਤੇ ਗਏ ਮਾਮਲਿਆਂ ਦੇ ਆਧਾਰ ‘ਤੇ ਕੌਮੀ ਸ਼ਾਹਮਾਰਗ-44 ਦੇ ਪੰਜਾਬ ਵਿੱਚ ਪੈਂਦੇ ਹਿੱਸੇ ‘ਤੇ ਦਰਜ 1077 ਮਾਮਲਿਆਂ ਵਿੱਚ ਕੁੱਲ 880 ਲੋਕਾਂ ਦੀ ਜਾਨ ਗਈ, 525 ਬੁਰੀ ਤਰ੍ਹਾਂ ਜਖ਼ਮੀ ਹੋਏ ਅਤੇ 183 ਦੇ ਮਾਮੂਲੀ ਸੱਟਾਂ ਲੱਗੀਆਂ। ਇਸ ਦੇ ਨਾਲ ਹੀ ਕੌਮੀ ਸ਼ਾਹਮਾਰਗ-44 ‘ਤੇ ਪੈਂਦੇ 92 ਦੁਰਘਟਨਾ ਬਲੈਕ ਸਪਾਟਸ ‘ਤੇ 880 ਸੜਕ ਦੁਰਘਟਨਾ ਵਿੱਚ ਹੋਈਆਂ ਮੌਤਾਂ ਵਿੱਚੋਂ ਦੁਰਘਟਨਾ ਕਾਰਨ 644 ਮੌਤਾਂ (73 ਫੀਸਦੀ) ਹੋਈਆਂ।
ਉਨ੍ਹਾਂ ਕਿਹਾ ਕਿ ਇਸ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਕੌਮੀ ਸ਼ਾਹਮਾਰਗ-44 ਦੀ ਪੂਰੀ 175 ਕਿਲੋਮੀਟਰ ਲੰਬਾਈ ‘ਚੋਂ ਤਕਰੀਬਨ 40 ਕਿਲੋਮੀਟਰ ਹਿੱਸੇ ਵਿੱਚ ਕੁਝ ਜਿਓਮੈਟਰਿਕ ਤਰੁੱਟੀਆਂ ਹਨ ਅਤੇ ਉਨ੍ਹਾਂ ਖੇਤਰਾਂ ਵਿੱਚ ਵਿਸ਼ੇਸ਼ ਤੌਰ ‘ਤੇ ਜਿਓਮੈਟਰਿਕ ਸੁਧਾਰ ਦੀ ਲੋੜ ਹੈ ਜਿੱਥੋਂ ਕੌਮੀ ਸ਼ਾਹਮਾਰਗ ਸ਼ਹਿਰੀ ਸੀਮਾਵਾਂ ਨੂੰ ਪਾਰ ਕਰਦਾ ਹੈ।
ਮਿਸ਼ਨ ਡਾਇਰੈਕਟਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਯੋਜਨਾ ਕਮਿਸ਼ਨ ਦੇ ਮੂਲ ਅਧਿਐਨ (2013) ਅਨੁਸਾਰ ਕੌਮੀ ਸ਼ਾਹਮਾਰਗ-44 ‘ਤੇ ਵਾਪਰੇ ਵੱਖ ਵੱਖ ਹਾਦਸਿਆਂ ਕਾਰਨ ਪੰਜਾਬ ਵਿੱਚ ਵਰਤਮਾਨ ਮੁੱਲ ਅਨੁਸਾਰ 933 ਕਰੋੜ ਰੁਪਏ ਦਾ ਸਮਾਜਿਕ-ਆਰਥਿਕ ਨੁਕਸਾਨ ਹੋਇਆ ਹੈ ਜੋ ਕਿ 85 ਲੱਖ ਰੁਪਏ ਪ੍ਰਤੀ ਦਿਨ ਬਣਦਾ ਹੈ।
ਪੰਨੂੰ ਨੇ ਕਿਹਾ ਕਿ ਵੱਡੇ ਜਾਨੀ-ਮਾਲੀ ਨੁਕਸਾਨ ਕਾਰਨ ਕੌਮੀ ਸ਼ਾਹਮਾਰਗ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਕੋਲ ਤੁਰੰਤ ਇਸ ਮੁੱਦੇ ਨੂੰ ਉਠਾਉਣ ਦੀ ਲੋੜ ਮਹਿਸੂਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੂਬੇ ਵੱਲੋਂ ਪ੍ਰਾਪਤ ਰਿਪੋਰਟ ਦੇ ਆਧਾਰ ‘ਤੇ ਐਨ.ਐਚ.ਏ.ਆਈ. ਵੱਲੋਂ ਸੜਕੀ ਦੁਰਘਟਨਾਵਾਂ ਵਿੱਚ ਦਰਜ ਕੀਤੀਆਂ ਮੌਤਾਂ ਦੀ ਗਿਣਤੀ ਦੇ ਅਨੁਸਾਰ ਕੁਝ ਬਲੈਕ ਸਪਾਟਸ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਸੁਧਾਰ ਕੰਮਾਂ ਲਈ ਟੈਂਡਰ ਮੰਗ ਕੇ ਪਹਿਚਾਣ ਕੀਤੀਆਂ ਥਾਵਾਂ ‘ਤੇ ਸੁਧਾਰ ਕੰਮ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਬਲੈਕ ਸਪਾਟਸ ਨੂੰ ਖ਼ਤਮ ਕਰਨ/ਘੱਟ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਪਰ ਵਿਕਾਸ ਪ੍ਰਾਜੈਕਟਾਂ ਵਿੱਚ ਤਰੁੱਟੀਆਂ, ਸੜਕ ਕਿਨਾਰੇ ਆਲੇ-ਦੁਆਲੇ ਵਿੱਚ ਬਦਲਾਅ, ਖੇਤਰ ਵਿੱਚ ਵਿਕਾਸ ਕੰਮਾਂ ‘ਚ ਤਬਦੀਲੀਆਂ, ਗੈਰਯੋਜਨਾਬੱਧ ਵਿਕਾਸ/ਸੜਕਾਂ ‘ਤੇ ਅਣਅਧਿਕਾਰਤ ਉਸਾਰੀਆਂ ਜਿਵੇਂ ਇਸ਼ਤਿਹਾਰ ਬੋਰਡ, ਖੰਭੇ, ਬੁੱਤ, ਇਮਾਰਤਾਂ, ਦਰੱਖਤ, ਝਾੜੀਆਂ ਆਦਿ ਕਾਰਨ ਸੜਕੀ ਦੁਰਘਟਨਾਵਾਂ ਵਾਰ ਵਾਰ ਹੁੰਦੀਆਂ ਹਨ। ਇਸ ਲਈ ਬਲੈਕ ਸਪਾਟਸ ਵਿੱਚ ਸੁਧਾਰ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਹੇ।
ਪੰਨੂੰ ਨੇ ਕਿਹਾ ਕਿ ਅਸੀਂ ਸੜਕ ਦੁਰਘਟਨਾ ਬਲੈਕ ਸਪਾਟਸ ਦੀ ਪਛਾਣ ਅਤੇ ਉਨ੍ਹਾਂ ਨੂੰ ਠੀਕ ਕਰਨ ਦਾ ਕੰਮ ਗੰਭੀਰਤਾ, ਯੋਜਨਾਬੱਧ ਢੰਗ ਨਾਲ ਅਤੇ ਲਗਾਤਾਰ ਜਾਰੀ ਰੱਖਾਂਗੇ ਅਤੇ ਬਲੈਕ ਸਪਾਟਸ ਨੂੰ ਸੁਧਾਰਨ ਲਈ ਕੀਤੇ ਕੰਮਾਂ ਦੀ ਪ੍ਰਭਾਵਸ਼ੀਲਤਾ ‘ਤੇ ਵੀ ਨਜ਼ਰ ਰੱਖਾਂਗੇ।

Share this Article
Leave a comment