ਤੋਮਰ ਨੇ ਖੇਤੀ ਬਿੱਲ ਮੁੜ ਲਿਆਉਣ ਦੇ ਬਿਆਨ ‘ਤੇ ਦਿਤਾ ਸਪੱਸ਼ਟੀਕਰਨ

TeamGlobalPunjab
2 Min Read

ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਪਣੀ ਉਸ ਟਿੱਪਣੀ ‘ਤੇ ਸਪੱਸ਼ਟੀਕਰਨ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਫਿਰ ਤੋਂ ਵਾਪਸ ਲਿਆਵੇਗੀ।

ਜ਼ਿਕਰਯੋਗ ਹੈ ਕਿ ਨਾਗਪੁਰ ’ਚ ਇਕ ਪ੍ਰੋਗਰਾਮ ਦੌਰਾਨ ਤੋਮਰ ਨੇ ਕਿਹਾ ਸੀ ਕਿ,‘‘ਅਸੀਂ ਖੇਤੀਬਾੜੀ ਸੋਧ ਕਾਨੂੰਨ ਲਿਆਂਦੇ ਸਨ। ਪਰ ਕੁਝ ਲੋਕਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਜ਼ਾਦੀ ਦੇ ਕਰੀਬ 70 ਵਰ੍ਹਿਆਂ ਬਾਅਦ ਇਹ ਵੱਡੇ ਖੇਤੀ ਸੁਧਾਰ ਕੀਤੇ ਗਏ ਸਨ। ਪਰ ਸਰਕਾਰ ਨਿਰਾਸ਼ ਨਹੀਂ ਹੈ। ਅਸੀਂ ਭਾਵੇਂ ਇਕ ਕਦਮ ਪਿੱਛੇ ਖਿੱਚਿਆ ਹੈ, ਅਸੀਂ ਮੁੜ ਅੱਗੇ ਵਧਾਂਗੇ ਕਿਉਂਕਿ ਕਿਸਾਨ ਭਾਰਤ ਦੀ ਰੀੜ੍ਹ ਦੀ ਹੱਡੀ ਹਨ।’’ ਇਸ ਤੋਂ ਪਹਿਲਾਂ ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਵੀ 21 ਨਵੰਬਰ ਨੂੰ ਕਿਹਾ ਸੀ ਕਿ ਤਿੰਨੋਂ ਵਾਪਸ ਲਏ ਗਏ ਖੇਤੀ ਕਾਨੂੰਨ ਮੁੜ ਲਿਆਂਦੇ ਜਾਣਗੇ।

ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਪਣੇ ਬਿਆਨ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਇਹ ਕਿਹਾ ਸੀ ਕਿ ਭਾਰਤ ਸਰਕਾਰ ਨੇ ਚੰਗੇ ਕਾਨੂੰਨ ਬਣਾਏ ਸਨ, ਕੁਝ ਕਾਰਨਾਂ ਕਰਕੇ ਅਸੀਂ ਉਸ ਨੂੰ ਵਾਪਸ ਲਿਆ, ਭਾਰਤ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਖੇਤੀ ਮੰਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਕਿਹਾ ਸੀ ਕਿ ਅਜੇ ਇੱਕ ਹੀ ਕਦਮ ਪਿੱਛੇ ਹਟੇ ਹਾਂ ਅਤੇ ਸਰਕਾਰ ਨਵਾਂ ਕਾਨੂੰਨ ਲਿਆਏਗੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਜਿਹਾ ਨਹੀਂ ਕਿਹਾ ਗਿਆ ਸੀ ਤੇ ਇਹ ਗਲਤ ਪ੍ਰਚਾਰ ਹੈ।

ਦੂਜੇ ਪਾਸੇ ਕਿਸਾਨਾਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਉਹ ਦਿੱਲੀ ਤੋਂ ਵਾਪਸ ਜ਼ਰੂਰ ਪਰਤੇ ਹਨ ਪਰ ਵਾਪਸ ਆਉਣ ‘ਚ ਦੇਰੀ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕਿਸਾਨ ਨੇਤਾਵਾਂ ਨੇ ਆਵਾਜ਼ ਦਿੱਤੀ ਤਾਂ ਫਿਰ ਦਿੱਲੀ ਹੋਵੇ ਜਾਂ ਮਹਾਰਾਸ਼ਟਰ, ਲੱਖਾਂ ਦੀ ਗਿਣਤੀ ਵਿਚ ਕਿਸਾਨ ਫਿਰ ਤੋਂ ਉਥੇ ਪਹੁੰਚ ਜਾਣਗੇ। ਅਸੀਂ ਉਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਜੋ ਕਿਸਾਨਾਂ ਦੇ ਹਿੱਤ ਵਿਚ ਨਹੀਂ ਹਨ।

- Advertisement -

Share this Article
Leave a comment