ਤਕਨੀਕੀ ਸਿੱਖਿਆ ਮੰਤਰੀ ਚੰਨੀ ਨੇ ਐਮ.ਆਰ.ਐੱਸ.ਪੀ.ਟੀ.ਯੂ ਅਤੇ ਆਈ.ਕੇ.ਜੀ. ਪੀ.ਟੀ.ਯੂ ਨੂੰ ਆਨਲਾਈਨ ਵਿਧੀ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਕੀਤੀ ਹਦਾਇਤ

TeamGlobalPunjab
3 Min Read

ਚੰਡੀਗੜ੍ਹ  : ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ:ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀਆਂ ਦੋਵੇਂ ਤਕਨੀਕੀ ਸਿੱਖਿਆ ਯੂਨੀਵਰਸਿਟੀਆਂ ਨੂੰ ਹਦਾਇਤ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਪੜਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਕੋਈ ਵੀ ਪ੍ਰੇਸ਼ਾਨੀ ਨਾ ਆਉਣ ਦੇਣ ਦਿੱਤੀ ਜਾਵੇ । ਸ੍ਰੀ ਚੰਨੀ ਨੇ ਸਮੁੱਚੀ ਫੈਕਲਟੀ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਉਹ ਵਿਦਿਆਰਥੀਆਂ ਦੀ ਸਹਾਇਤਾ ਲਈ ਅੱਗੇ ਆਉਣ।

ਅੱਜ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ(ਆਈ.ਏ.ਐੱਸ) ਨੇ ਕਿਹਾ ਕਿ ਈ.ਕੇ.ਜੀ.ਪੀ.ਟੀ.ਯੂ. ਅਤੇ ਐਮ.ਆਰ.ਐੱਸ.ਪੀ.ਟੀ.ਯੂ ਅਤੇ ਉਹਨਾਂ ਨਾਲ ਸੰਬੰਧਿਤ ਕਾਲਜਾਂ ਨੂੰ ਵੱਖ ਵੱਖ ਤਕਨੀਕਾਂ ਜਿਵੇਂ ਕਿ ਯੂਟਿਊਬ,ਜ਼ੂਮ,ਸਕਾਈਪ,ਗੂਗਲ ਕਲਾਸਰੂਮ, ਵਟਸਐਪ ਗਰੁੱਪਾਂ ਆਦਿ ਦੀ ਵਰਤੋਂ ਕਰਕੇ ਆਨਲਾਈਨ ਵਿਧੀ ਰਾਹੀਂ ਕਲਾਸਾਂ ਚਲਾਉਣ ਲਈ ਕਿਹਾ ਗਿਆ ਹੈ, ਤਾਂ ਜੋ ਮੌਜੂਦਾ ਸੰਕਟਕਾਲੀ ਸਥਿਤੀ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ। ਸ੍ਰੀ ਵਰਮਾ ਨੇ ਕਿਹਾ ਕਿ ਦੋਵਾਂ ਯੂਨੀਵਰਸਿਟੀਆਂ ਨੂੰ ਯੂਜੀਸੀ/ਏਆਈਸੀਟੀਈ ਵਲੋਂ ਵਿਕਸਤ ਕੀਤੇ ਗਏ ਆਨਲਾਈਨ ਸਮੱਗਰੀ ਸਾਂਝੇ ਕਰਨ ਵਾਲੇ ਪਲੈਟਫਾਰਮ ਸਵੈਯਮ (ਸਟੱਡੀ ਵੈਬਸ ਆਫ ਐਕਟਿਵ ਲਰਨਿੰਗ ਫਾਰ ਯੰਗ ਐਸਪਾਇਰਿੰਗ ਮਾਈਂਡਜ਼) ਦੀ ਵਰਤੋਂ ਕਰਦਿਆਂ ਐਮਓਓਸੀਐਸ (ਮੈਸਿਵ ਆਨਲਾਈਨ ਓਪਨ ਕੋਰਸਸ) ਰਾਹੀਂ ਪੜ੍ਹਾਉਣ ਦੀ ਸਲਾਹ ਦਿੱਤੀ ਗਈ ਹੈ। ਸ੍ਰੀ ਵਰਮਾ ਨੇ ਕਿਹਾ ਕਿ ਦੋਵਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਫੈਕਲਟੀ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵੀ ਆਨਲਾਈਨ ਅਧਿਆਪਨ ਨੂੰ ਅਪਨਾਉਣ ਹਿੱਤ ਜਾਗਰੂਕ ਕਰਨ ਤੇ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ।

ਆਈ.ਕੇ.ਜੀ.ਪੀ.ਟੀ.ਯੂ ਦੇ ਵਾਈਸ ਚਾਂਸਲਰ ਡਾ. ਅਜੈ ਸ਼ਰਮਾ ਅਤੇ ਐਮ.ਆਰ.ਐਸ.ਪੀ.ਟੀ.ਯੂ ਦੇ ਵੀਸੀ ਡਾ. ਐਮ.ਪੀ.ਐਸ ਈਸ਼ਰ ਨੇ ਕਿਹਾ ਕਿ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਅਤੇ ਮਾਨਤਾਪ੍ਰਾਪਤ / ਸਬੰਧਤ ਕਾਲਜਾਂ ਵਲੋਂ ਵਿਦਿਆਰਥੀਆਂ ਲਈ ਅਕਾਦਮਿਕ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਲਾਸਾਂ ਦੀ ਲਾਈਵ ਵੀਡੀਓ ਸਟ੍ਰੀਮਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਘਰ ਤੋਂ ਕੰਮ ਕਰਨ ਅਤੇ ਕੋਰਸ ਨਾਲ ਸਬੰਧਤ ਵੀਡੀਓ ਲੈਕਚਰ ਵਿਦਿਆਰਥੀਆਂ ਨੂੰ ਪ੍ਰਸਾਰਿਤ ਕਰਨ। ਵਿਦਿਆਰਥੀ ਚੈਟ ਰਾਹੀਂ ਆਪਣੇ ਪ੍ਰਸ਼ਨ ਸਿੱਧੇ ਤੌਰ ਤੇ ਪੁੱਛ ਸਕਦੇ ਹਨ ਅਤੇ ਇਨ੍ਹਾਂ ਪ੍ਰਸ਼ਨਾਂ ਦੇੇ ਜਵਾਬ ਤੁਰੰਤ ਹੀ ਅਧਿਆਪਕ ਵਲੋਂ ਦਿੱਤੇ ਜਾ ਸਕਦੇ ਹਨ। ਲੰਬੇ ਸਮੇਂ ਦੇ ਸੰਕਟ ਦੀ ਸੰਭਾਵਤ ਸਥਿਤੀ ਵਿੱਚ, ਵਿਦਿਆਰਥੀਆਂ ਦੇ ਸਮੈਸਟਰ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਉਕਤ ਕਦਮ ਚੁੱਕੇ ਜਾ ਰਹੇ ਹਨ ।ਦੋਵਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਅੱਗੇ ਦੱਸਿਆ ਕਿ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਨਲਾਈਨ ਵਿਧੀ ਦੁਆਰਾ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹਾਜ਼ਰੀ ਦਾ ਰਿਕਾਰਡ ਰੱਖਣ ਅਤੇ ਅਸਾਈਨਮੈਂਟ / ਕਵਿਜ਼ਾਂ ਆਦਿ ਨੂੰ ਵੀ ਅਮਲ ਵਿਚ ਲਿਆਂਦਾ ਜਾਵੇ।

Share this Article
Leave a comment