ਡੇਰਾ ਪ੍ਰੇਮੀ ਹੱਤਿਆ ਕਾਂਡ : ਫ਼ਰਾਰ ਕੇ.ਟੀ.ਐਫ. ਕਾਰਕੁਨ ਨੂੰ ਮੋਗਾ ਤੋਂ ਕੀਤਾ ਗ੍ਰਿਫ਼ਤਾਰ, ਹਥਿਆਰ ਬਰਾਮਦ

TeamGlobalPunjab
4 Min Read

ਗ੍ਰਿਫ਼ਤਾਰ ਮੁਲਜ਼ਮ ਫ਼ਿਲੌਰ ‘ਚ ਪੁਜਾਰੀ ਗੋਲਾਬਾਰੀ, ਸੁੱਖਾ ਲੰਮਾ ਕਤਲ ਕੇਸ ਅਤੇ ਸੁਪਰਸਾਈਨ ਕਤਲ ਕੇਸ ਵਿਚ ਵੀ ਸੀ ਸ਼ਾਮਲ : ਡੀਜੀਪੀ ਪੰਜਾਬ

ਚੰਡੀਗੜ/ਮੋਗਾ: ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਦੋ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਪੰਜਾਬ ਪੁਲਿਸ ਨੇ ਉਨਾਂ ਦੇ ਤੀਜੇ ਸਾਥੀ ਕਮਲਜੀਤ ਸ਼ਰਮਾ ਉਰਫ਼ ਕਮਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜੋ ਕਿ ਡੇਰਾ ਪ੍ਰੇਮੀ ਦੇ ਕਤਲ, ਕੇ.ਟੀ.ਐਫ. ਮੁਖੀ ਹਰਦੀਪ ਨਿੱਝਰ ਦੇ ਪਿੰਡ ਵਿੱਚ ਪੁਜਾਰੀ ‘ਤੇ ਗੋਲੀਬਾਰੀ, ਸੁੱਖਾ ਲੰਮਾ ਕਤਲ ਕੇਸ ਅਤੇ ਮੋਗਾ ਦੇ ਸੁਪਰਸਾਈਨ ਕਤਲ ਕੇਸ ਵਿੱਚ ਸ਼ਾਮਲ ਮੁੱਖ ਸ਼ੂਟਰਾਂ ਵਿੱਚੋਂ ਇੱਕ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਦਿਨਕਰ ਗੁਪਤਾ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਲ, ਜੋ ਕਿ ਮੋਗਾ ਦੇ ਪਿੰਡ ਡਾਲਾ ਦਾ ਵਸਨੀਕ ਹੈ, ਨੂੰ ਮੋਗਾ ਪੁਲਿਸ ਨੇ ਮੋਗਾ ਜ਼ਿਲੇ ਦੇ ਨੱਥੂਵਾਲਾ ਜਦੀਦ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਚਾਰ .315 ਬੋਰ ਪਿਸਤੌਲਾਂ ਨਾਲ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

- Advertisement -

 

ਦੱਸਣਯੋਗ ਹੈ ਕਿ ਪੁਲਿਸ ਵੱਲੋਂ 22 ਮਈ ਨੂੰ ਕਮਲ ਦੇ ਦੋ ਸਾਥੀ ਲਵਪ੍ਰੀਤ ਸਿੰਘ ਉਰਫ਼ ਰਵੀ ਅਤੇ ਰਾਮ ਸਿੰਘ ਉਰਫ਼ ਸੋਨੂੰ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਸੀ।

ਇਹ ਤਿੰਨੋਂ ਮੁਲਜ਼ਮ ਕੇ.ਟੀ.ਐਫ. ਦੇ ਕੈਨੇਡਾ ਅਧਾਰਤ ਮੁਖੀ ਹਰਦੀਪ ਸਿੰਘ ਨਿੱਜਰ, ਜਿਸ ਨੂੰ ਸਰਕਾਰ ਦੁਆਰਾ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ.) ਤਹਿਤ ਅੱਤਵਾਦੀ ਘੋਸ਼ਿਤ ਕੀਤਾ ਗਿਆ ਸੀ, ਦੇ ਦਿਸ਼ਾ ਨਿਰਦੇਸ਼ਾਂ ਤੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।

 

- Advertisement -

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਨਾਂ ਦੇ ਤਿੰਨ ਹੋਰ ਕੇ.ਟੀ.ਐਫ. ਦੇ ਸਹਿ-ਸਾਜ਼ਿਸ਼ਕਾਰ/ਮਾਸਟਰ ਮਾਈਂਡਾਂ ਦੀ ਪਛਾਣ ਅਰਸ਼ਦੀਪ, ਰਮਨਦੀਪ ਅਤੇ ਚਰਨਜੀਤ ਉਰਫ ਰਿੰਕੂ ਬਿਹਲਾ ਵਜੋਂ ਕੀਤੀ ਗਈ ਹੈ, ਜੋ ਸਰੀ (ਬੀਸੀ) ਕੈਨੇਡਾ ਵਿੱਚ ਛੁਪੇ ਹੋਏ ਹਨ ਅਤੇ ਮੁਕੱਦਮੇ ਅਤੇ ਅਪਰਾਧਿਕ ਕਾਰਵਾਈ ਲਈ ਪੰਜਾਬ ਪੁਲਿਸ ਉਨਾਂ ਨੂੰ ਭਾਰਤ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਉਨਾਂ ਦੱਸਿਆ ਕਿ ਪੁਲਿਸ ਨੇ ਕਮਲ ਤੋਂ ਇੱਕ ਮਹਿੰਦਰਾ ਬੋਲੈਰੋ ਵੀ ਬਰਾਮਦ ਕੀਤੀ ਹੈ, ਜਿਸ ਦੀ ਵਰਤੋਂ ਉਹ ਜਾਅਲੀ ਰਜਿਸਟ੍ਰੇਸ਼ਨ ਨੰਬਰ ਸੀਐਚ 01 ਏਐਫ 601 ਲਗਾ ਕੇ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ, ਕਮਲ ਕੋਲੋਂ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ, ਜਿਹਨਾਂ ਨੂੰ ਭਗਤਾ ਭਾਈਕਾ ਵਿਖੇ ਡੇਰਾ ਪ੍ਰੇਮੀ ਦੇ ਕਤਲ, ਫਿਲੌਰ ਵਿੱਚ ਪੁਜਾਰੀ ‘ਤੇ ਗੋਲੀਬਾਰੀ ਅਤੇ ਸੁਪਰਸਾਈਨ ਕਤਲ ਵਿੱਚ ਵਰਤਿਆ ਗਿਆ ਸੀ।

ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਮਲ ਨੂੰ ਇਹਨਾਂ ਵਰਦਾਤਾਂ ਨੂੰ ਅੰਜ਼ਾਮ ਦੇਣ ਲਈ ਹਵਾਲਾ ਅਤੇ ਵੈਸਟਰਨ ਯੂਨੀਅਨ ਰਾਹੀਂ ਆਪਣੇ ਕੈਨੇਡਾ ਅਧਾਰਤ ਸਾਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਪੈਸਾ ਭੇਜਿਆ ਜਾ ਰਿਹਾ ਸੀ। ਕਮਲ ਨੇ ਖ਼ੁਲਾਸਾ ਕੀਤਾ ਕਿ ਨਿੱਜਰ ਅਤੇ ਉਸ ਦੇ ਕੈਨੇਡਾ ਦੇ ਤਿੰਨ ਹੋਰ ਸਹਿਯੋਗੀਆਂ ਨੇ ਉਹਨਾ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਉਹ ਅਪਰਾਧ ਕਰਦੇ ਸਮੇਂ ਫੜੇ ਵੀ ਜਾਂਦੇ ਹਨ ਤਾਂ ਉਹਨਾਂ ਦਾ ਕੇਸ ਨਾਮੀ ਵਕੀਲਾਂ ਨੂੰ ਸੌਂਪਿਆ ਜਾਵੇਗਾ।

ਐਸ.ਐਸ.ਪੀ. ਗਿੱਲ ਨੇ ਦੱਸਿਆ ਕਿ ਮੁਲਜ਼ਮ ਦੇ ਸਾਥੀ ਲਵਪ੍ਰੀਤ ਸਿੰਘ ਉਰਫ਼ ਰਵੀ ਵੱਲੋਂ ਖੁਲਾਸਾ ਕਰਨ ‘ਤੇ ਮੋਗਾ ਪੁਲਿਸ ਵੱਲੋਂ ਮੋਗਾ ਵਿਖੇ ਸੁਪਰਸਾਈਨ ਕੱਪੜੇ ਦੇ ਮਾਲਕ ਦੀ ਹੱਤਿਆ ਵਿੱਚ ਵਰਤੀ ਗਈ 0.32 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਸ ਮੋਡਿਊਲ ਤੋਂ ਹੁਣ ਤੱਕ ਕੁੱਲ ਪੰਜ .32 ਬੋਰ ਪਿਸਤੌਲਾਂ, ਸੱਤ .315 ਬੋਰ ਪਿਸਤੌਲਾਂ ਅਤੇ ਇੱਕ .12 ਬੋਰ ਦੇਸੀ ਪਿਸਤੌਲ ਬਰਾਮਦ ਕੀਤੇ ਗਏ ਹਨ।

Share this Article
Leave a comment