ਡੀਜੀਪੀ ਤੇ ਮੰਤਰੀ ਆਸ਼ੂ ਵਿਰੁੱਧ ‘ਆਪ’ ਨੇ ਕੀਤਾ ਵਾਕਆਊਟ ਤੁਰੰਤ ਹਟਾਇਆ ਜਾਵੇ ਦਿਨਕਰ ਗੁਪਤਾ, ਮੁੜ ਖੋਲੇ ਜਾਣ ਭਾਰਤ ਭੂਸ਼ਨ ਆਸ਼ੂ ਵਿਰੁੱਧ ਕੇਸ-ਹਰਪਾਲ ਚੀਮਾ

TeamGlobalPunjab
2 Min Read

ਚੰਡੀਗੜ੍ਹ : ਵਿਧਾਨ ਸਭਾ ਇਜਲਾਸ ਦੌਰਾਨ ਡੀਜੀਪੀ ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਨੂੰ ਲੈ ਕੇ ‘ਆਪ’ ਵਿਧਾਇਕਾਂ ਨੇ ਸਦਨ ‘ਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਵਾਕਆਊਟ ਕੀਤਾ।

ਇਸ ਦੌਰਾਨ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕਾਫ਼ੀ ਨੋਕ-ਝੋਕ ਹੋਈ, ਪਰੰਤੂ ਮੁੱਖ ਮੰਤਰੀ ਵਿਰੋਧੀ ਧਿਰ ਨੂੰ ਸੰਤੁਸ਼ਟ ਨਹੀਂ ਕਰ ਸਕੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀਜੀਪੀ ਦਿਨਕਰ ਗੁਪਤਾ ਅਤੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ‘ਕਲੀਨ ਚਿੱਟ’ ਦਿੱਤੇ ਜਾਣ ਦੇ ਵਿਰੋਧ ‘ਚ ਵਿਰੋਧੀ ਧਿਰ (ਆਪ) ਬੀਤੇ ਦਿਨ ਵਾਂਗ ਹਮਲਾਵਰ ਹੋ ਗਈ।

ਵਾਕਆਊਟ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਨਾਲ ਜੁੜੇ ਜਿਹੜੇ ਕੇਸਾਂ ਦਾ ਟਰਾਇਲ ਹੀ ਨਹੀਂ ਹੋਇਆ, ਉਹ ਕਿਹੜੇ ਖਾਤੇ ‘ਚ ਬੋਲਦੇ ਹਨ। ਜਿੰਨਾ ‘ਚ ਗੁੜ ਮੰਡੀ ਲੁਧਿਆਣਾ ‘ਚ ਹੋਏ ਬੰਬ ਧਮਾਕੇ, 3 ਔਰਤਾਂ ਦਾ ਕਤਲ, ਆਸ਼ੂ ਵੱਲੋਂ ਅੱਤਵਾਦੀਆਂ ਨਾਲ ਮਿਲ ਕੇ ਆਪਣੇ ਤਾਏ ਦੀ ਹੱਤਿਆ ਦੀ ਸਾਜ਼ਿਸ਼ ਅਤੇ ਇੱਕ ਹੌਲਦਾਰ ਦੀ ਹੱਤਿਆ ਦੇ ਕੇਸ ਸ਼ਾਮਲ ਹਨ, ਚੀਮਾ ਨੇ ਕਿਹਾ ਕਿ ਜੇਕਰ ਵਿਅਕਤੀ ਜਿਊਂਦਾ ਹੋਏ ਤਾਂ ਉਸ ਵਿਰੁੱਧ 50 ਸਾਲਾਂ ਬਾਅਦ ਵੀ ਕੇਸ ਦਾ ਮੁੜ ਟਰਾਇਲ ਖੁੱਲ ਸਕਦਾ ਹੈ, ਇਸ ਲਈ ਆਸ਼ੂ ਦੇ ਇਕਬਾਲੀਆ ਬਿਆਨ ਦੇ ਆਧਾਰ ‘ਤੇ ਕੇਸ ਮੁੜ ਖੋਲੇ ਜਾਣ।

ਹਰਪਾਲ ਸਿੰਘ ਚੀਮਾ ਨੇ ਡੀਜੀਪੀ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੋ ਡੀਜੀਪੀ ਜਗਤ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਬਾਰੇ ਸਾਜ਼ਿਸ਼ ਭਰੀਆਂ ਟਿੱਪਣੀਆਂ ਕਰ ਰਹੇ ਹਨ, ਉਸ ਡੀਜੀਪੀ ਦੀਆਂ ਪਾਕਿਸਤਾਨੀ ਮਹਿਲਾ ਅਰੂਸਾ ਆਲਮ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਫ਼ੋਟੋਆਂ ਦਾ ਕੀ ਰਾਜ ਹੈ, ਕਿਉਂਕਿ ਇੰਜ ਲੱਗਦਾ ਹੈ, ਜਿਵੇਂ ਸਰਕਾਰ ਹੀ ਅਰੂਸਾ ਆਲਮ ਚਲਾ ਰਹੀ ਹੋਵੇ। ਚੀਮਾ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਨਫ਼ਰਤ ਭਰੀਆਂ ਟਿੱਪਣੀਆਂ ਕਰਨ ਵਾਲੇ ਦੱਸਣ ਕਿ ਅਰੂਸਾ ਆਲਮ ਪੰਜਾਬ ‘ਚ ਕਿਸ ਆਧਾਰ ‘ਤੇ ਰਹਿ ਰਹੇ ਹਨ?

- Advertisement -

ਇਸ ਮੌਕੇ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ, ਪ੍ਰਿੰਸੀਪਲ ਬੁੱਧ ਰਾਮ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ ਅਤੇ ਮਾਸਟਰ ਬਲਦੇਵ ਸਿੰਘ ਵੀ ਵਾਕਆਊਟ ‘ਚ ਸ਼ਾਮਲ ਸਨ।

Share this Article
Leave a comment