ਅੰਮ੍ਰਿਤਸਰ : ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ ਵਿਸ਼ਿਆਂ ’ਤੇ ਪ੍ਰੇਰਣਾਦਾਇਕ ਬੁਲਾਰੇ ਵਜੋਂ ਮਸ਼ਹੂਰ ਡਾ. ਹਰਸ਼ਿੰਦਰ ਕੌਰ ਦੀ ਨੈਸ਼ਨਲ ਪੱਧਰ ਦੇ ਐਵਾਰਡ ਲਈ ਚੋਣ ਹੋਈ ਹੈ । ਉਨ੍ਹਾਂ ਨੂੰ ਵਿਦਿਆਰਥੀ ਵਿਕਾਸ ਮੰਚ ਵੱਲੋਂ 5 ਸਤੰਬਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ । ਇਸ ਵਿਸੇਸ਼ ਸਨਮਾਨ ਲਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਦਸ ਦੇਈਏ ਕਿ ਡਾ. ਰੂਪ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਡਾ. ਹਰਸ਼ਿੰਦਰ ਕੌਰ ਸਮਾਜ ਨੂੰ ਉੱਚਾ ਚੁੱਕਣ ਲਈ ਵਧੀਆ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰਸ਼ਿੰਦਰ ਕੌਰ ਵੱਖ-ਵੱਖ ਵਿਸ਼ਿਆਂ ’ਤੇ ਬੇਬਾਕੀ ਨਾਲ ਆਪਣੀ ਰਾਇ ਰੱਖਦੇ ਹਨ ਅਤੇ ਉਨ੍ਹਾਂ ਦੇ ਭਾਸ਼ਣ ਵੱਡੀ ਪੱਧਰ ’ਤੇ ਪਸੰਦ ਕੀਤੇ ਜਾਂਦੇ ਹਨ। ਡਾ ਰੂਪ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੇਰਣਾ ਦਾਇਕ ਬੁਲਾਰਿਆਂ ਦਾ ਸਨਮਾਨ ਹੋੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਹੋਰਨਾਂ ਨੂੰ ਉਤਸ਼ਾਹ ਮਿਲਦਾ ਹੈ।
ਦਸਣਯੋਗ ਹੈ ਕਿ ਡਾ ਹਰਸ਼ਿੰਦਰ ਕੌਰ ਪਿਛਲੇ 26 ਸਾਲਾਂ ਤੋਂ ਪਿੰਡਾਂ, ਕਾਲਜਾਂ, ਸਕੂਲ, ਟੀ ਵੀ, ਰੇਡੀਓ ਵਿਚ ਭਾਸ਼ਣ ਦਿੰਦੇ ਆ ਰਹੇ ਹਨ। ਉਨ੍ਹਾਂ ਨੂੰ ਵੱਖ ਵੱਖ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੁਆਰਾ ਲਾਈਫ ਟਾਈਮ ਪ੍ਰਾਪਤੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਹ ਡਾ: ਹਰਸ਼ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਵੀ ਹਨ ਜੋ ਪਿਛਲੇ 12 ਸਾਲਾਂ ਤੋਂ ਪੰਜਾਬ ਦੀਆਂ 415 ਗਰੀਬ ਲੜਕੀਆਂ ਦੀ ਪੜ੍ਹਾਈ ਦਾ ਜਿੰਮਾ ਚੁੱਕ ਰਿਹਾ ਹੈ । ਡਾ ਹਰਸ਼ਿੰਦਰ ਕੌਰ ਨੂੰ ਤੁਸੀਂ ਸਾਡੇ ਚੈਨਲ ਤੇ ਹਰ ਐਤਵਾਰ ਸ਼ਾਮੀ 7 ਵਜ ਕੇ 30 ਮਿੰਟ ਤੇ ਕਿਛੁ ਸੁਣੀਐ ਕਿਛੁ ਕਹੀਐ ਰਾਹੀਂ ਸੁਣ ਸਕਦੇ ਹੋ ਅਤੇ ਆਪਣੇ ਸਵਾਲਾਂ ਦੇ ਜਵਾਬ ਵੀ ਲੈ ਸਕਦੇ ਹੋ।