ਡਾ. ਐਮ ਐਸ ਰੰਧਾਵਾ ਯਾਦਗਾਰੀ ਫਲਾਵਰ ਸ਼ੋਅ ਨੇ ਫੁੱਲ ਪ੍ਰੇਮੀਆਂ ਦੇ ਮਨਾਂ ਵਿੱਚ ਮਹਿਕ ਅਤੇ ਰੰਗ ਭਰੇ

TeamGlobalPunjab
2 Min Read

ਲੁਧਿਆਣਾ : ਪੀਏਯੂ ਵਿੱਚ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਅਸਟੇਟ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ ਡਾ. ਐਮ ਐਸ ਰੰਧਾਵਾ ਯਾਦਗਾਰੀ ਫਲਾਵਰ ਸ਼ੋਅ ਅਤੇ ਫੁੱਲਾਂ ਦਾ ਮੁਕਾਬਲਾ ਅੱਜ ਸਫ਼ਲਤਾ ਨਾਲ ਸਿਰੇ ਚੜ੍ਹਿਆ। ਇਸ ਫਲਾਵਰ ਸ਼ੋਅ ਦੇ ਇਨਾਮ ਵੰਡ ਸਮਾਗਮ ਵਿੱਚ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਡਾ. ਮਾਹਲ ਨੇ ਫੁੱਲਾਂ ਦੀ ਸੁੰਦਰਤਾ ਦੇ ਨਾਲ-ਨਾਲ ਅੱਜ ਦੇ ਦੌਰ ਵਿੱਚ ਫੁੱਲਾਂ ਦੀ ਖੇਤੀ ਦੇ ਵਪਾਰਕ ਮਹੱਤਵ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਬਦਲਦੇ ਦੌਰ ਵਿੱਚ ਜੋ ਨਵੀਆਂ ਵਿਧੀਆਂ ਸਾਡੇ ਖੇਤੀ ਵਿਹਾਰ ਦਾ ਹਿੱਸਾ ਬਣੀਆਂ ਹਨ ਉਹਨਾਂ ਵਿੱਚ ਸ਼ਹਿਰੀ ਖੇਤਰਾਂ ਦੇ ਆਸ-ਪਾਸ ਫੁੱਲਾਂ ਦੀ ਖੇਤੀ ਨੂੰ ਇੱਕ ਸੰਭਾਵਨਾਂ ਵਜੋਂ ਦੇਖਿਆ ਜਾ ਸਕਦਾ ਹੈ। ਡਾ. ਮਾਹਲ ਨੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਵਿੱਚ ਲਗਭਗ 170 ਇਨਾਮ (80 ਪਹਿਲੇ, 90 ਦੂਸਰੇ) ਜੇਤੂਆਂ ਨੂੰ ਵੰਡੇ ।


ਇਸ ਮੌਕੇ ਬਹੁਤ ਸਾਰੇ ਸਕੂਲਾਂ ਜਿਵੇਂ ਡੀ ਏ ਵੀ ਪਬਲਿਕ ਸਕੂਲ, ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਸਤਪਾਲ ਮਿੱਤਲ ਸਕੂਲ, ਦਿੱਲੀ ਪਬਲਿਕ ਸਕੂਲ, ਪੁਲਿਸ ਡੀ ਏ ਵੀ ਪਬਲਿਕ ਸਕੂਲ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੁਮੈਨ, ਦੋਰਾਹਾ ਪਬਲਿਕ ਸਕੂਲ ਦੋਰਾਹਾ ਆਦਿ ਨੇ ਫੁੱਲਾਂ ਦੇ ਮੁਕਾਬਲੇ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ, ਟੈਕਨੋਕੇਅਰ ਨਰਸਰੀ, ਰਾਜ ਨਰਸਰੀ, ਬਗੀਚਾ ਨਰਸਰੀ, ਬੰਗਾਲ ਨਰਸਰੀ, ਗਗਨ ਇੰਟਰਪ੍ਰਾਈਜ਼ਜ਼, ਨਿਊ ਜੰਤਾ ਨਰਸਰੀ, ਗੁੱਡ ਅਰਥ ਮਸ਼ੀਨਜ਼ ਆਦਿ ਨੇ ਵੀ ਫੁੱਲਾਂ ਦੇ ਮੁਕਾਬਲੇ ਅਤੇ ਫੁੱਲਾਂ ਦੀ ਖੇਤੀ ਦੇ ਸੰਦਾਂ ਦੀ ਪ੍ਰਦਰਸ਼ਨੀ ਵਿੱਚ ਭਾਗ ਲਿਆ। ਦੋਵੇਂ ਦਿਨ ਹਰ ਵਰਗ ਦੇ ਲੋਕਾਂ ਲਈ ਇਹ ਫਲਾਵਰ ਸ਼ੋਅ ਖੁਸ਼ੀ ਅਤੇ ਰੰਗ ਬਿਖੇਰਦਾ ਰਿਹਾ।

- Advertisement -

ਇਸ ਮੌਕੇ ਵਿਭਾਗ ਦੇ ਮੁਖੀ ਡਾ. ਕਿਰਨਜੀਤ ਕੌਰ ਢੱਟ ਨੇ ਮੁਕਾਬਲੇ ਦੇ ਜੇਤੂਆਂ ਅਤੇ ਭਾਗ ਲੈਣ ਵਾਲੇ ਪ੍ਰਤਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਡੀਨਜ਼ ਅਤੇ ਡਾਇਰੈਕਟਰਜ਼ ਅਤੇ ਹੋਰ ਕਰਮਚਾਰੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Share this Article
Leave a comment