ਝੋਨੇ ਦੇ ਬੀਜ ਨੂੰ ਸੋਧਣ ਲਈ ਪੀ.ਏ.ਯੂ. ਮਾਹਿਰਾਂ ਨੇ ਦੱਸੇ ਗੁਰ

TeamGlobalPunjab
2 Min Read

ਲੁਧਿਆਣਾ : ਝੋਨੇ ਦੇ ਬੀਜ ਉਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਜਰਾਸੀਮ ਪਲਦੇ ਰਹਿਦੇ ਹਨ ਜੋ ਬਾਅਦ ‘ਚ, ਬੀਜ ਦੇ ਪੁੰਗਾਰ, ਪਨੀਰੀ ਅਤੇ ਫਸਲ ਤੇ ਮਾੜਾ ਅਸਰ ਪਾਉਂਦੇ ਹਨ । ਇਸ ਲਈ ਇਹਨਾਂ ਬਿਮਾਰੀਆਂ ਦੀ ਲਾਗ ਨੂੰ ਰੋਕਣ ਲਈ ਬੀਜ ਦੀ ਸੋਧ ਜ਼ਰੂਰੀ ਹੋ ਜਾਂਦੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨੀ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ, ਬੀਜ ਨੂੰ ਤੰਦਰੁਸਤ, ਬਿਮਾਰੀ ਰਹਿਤ ਤੇ ਜ਼ਿਆਦਾ ਝਾੜ ਦੇਣ ਵਾਲ਼ਾ ਬਣਾਉਂਦੀ ਹੈ।।ਝੋਨੇ ਵਿਚ ਇਕ ਏਕੜ ਬੀਜ ਦੀ ਸੋਧ ਦੀ ਕੀਮਤ 30 ਰੁਪਏ ਤੋਂ ਵੀ ਘਟ ਪੈਂਦੀ ਹੈ।ਬੀਜ ਦੀ ਸੋਧ ਕਰਕੇ ਨਰਸਰੀ ਬੀਜਣ ਨਾਲ ਪੁੰਗਾਰ ਵਿਚ 20-25% ਤਕ ਦਾ ਵਾਧਾ ਹੋ ਸਕਦਾ ਹੈ। ਝੋਨੇ ਵਿਚ ਬੀਜ ਸੋਧ ਨਾਲ਼ ਬੀਜ ਉਪਰੋਂ ਬਿਮਾਰੀ ਦੀ ਅਗੇਤੀ ਲਾਗ ਨਸ਼ਟ ਹੋ ਜਾਂਦੀ ਹੈ ਜਿਸ ਕਰਕੇ ਬਾਅਦ ਵਿਚ ਖੇਤ ਵਿਚ ਉਲੀਨਾਸ਼ਕ ਦੀ ਲੋੜ ਘੱਟ ਪੈਂਦੀ ਹੈ। ਪਰ ਇਸ ਗਲ ਦੀ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ ਕਿ ਉਲੀਨਾਸ਼ਕ ਦੀ ਸਹੀ ਮਾਤਰਾ ਨਾਲ਼ ਹੀ ਬੀਜ ਦੀ ਸੋਧ ਕੀਤੀ ਜਾਵੇ। ਵਧੇਰੇ ਜਾਂ ਘਟ ਉਲੀਨਾਸ਼ਕ ਦੀ ਮਾਤਰਾ ਨੁਕਸਾਨਦਾਇਕ ਹੋ ਸਕਦੀ ਹੈ।

ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਕ ਏਕੜ ਵਿਚ ਝੋਨੇ ਦੀ ਪਨੀਰੀ ਲਗਾਉਣ ਲਈ 8 ਕਿਲੋ ਨਿਰੋਗ ਬੀਜ ਚੁਣੋ। ਇਸ ਚੁਣੇ ਹੋਏ ਬੀਜ ਨੂੰ 10 ਲੀਟਰ ਪਾਣੀ ਵਿਚ ਡੁਬੋ ਕੇ ਚੰਗੀ ਤਰ੍ਹਾਂ ਹਿਲਾਓ। ਜਿਹੜਾ ਹਲਕਾ ਬੀਜ ਪਾਣੀ ਉਤੇ ਤਰ ਆਵੇ ਉਸ ਨੂੰ ਬਾਹਰ ਕੱਢ ਕੇ ਸੁੱਟ ਦਿਉ। ਬੀਜ ਨੂੰ 10-12 ਘੰਟੇ ਲਈ ਪਾਣੀ ਵਿਚ ਡੋਬਣ ਤੋਂ ਬਾਅਦ ਵਾਧੂ ਪਾਣੀ ਨਿਤਾਰ ਦਿਉ ਅਤੇ ਬੀਜ ਨੂੰ ਛਾਵੇਂ ਸੁਕਾ ਕੇ ਉਲੀਨਾਸ਼ਕ ਨਾਲ਼ ਸੋਧੋ।ਅਠ ਕਿਲੋ ਬੀਜ ਨੂੰ ਬੀਜਣ ਤੋਂ ਪਹਿਲਾਂ 24 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਂਬ + ਕਾਰਬੈਂਡਾਜ਼ਿਮ) ਨਾਲ਼ ਸੋਧੋ।ਪਹਿਲਾਂ 24 ਗ੍ਰਾਮ ਸਪਰਿੰਟ ਨੂੰ 80-100 ਮਿ.ਲਿ. ਪਾਣੀ ਵਿਚ ਘੋਲ਼ ਲਵੋ ਅਤੇ ਫਿਰ ਚੰਗੀ ਤਰ੍ਹਾਂ ਇਸ ਨੂੰ 8 ਕਿੱਲੋ ਬੀਜ ਤੇ ਮਲ ਦਿਉ। ਇਹ ਬੀਜ ਦੀ ਸੋਧ ਸਿਧੀ ਬਿਜਾਈ ਲਈ ਵੀ ਕਰ ਸਕਦੇ ਹੋ।

Share this Article
Leave a comment