ਚੰਡੀਗੜ੍ਹ, (ਅਵਤਾਰ ਸਿੰਘ): ਸੰਯੁਕਤ ਕਿਸਾਨ ਮੋਰਚਾ ਦੇ ਵਲੋਂ ਸਸਪੈਂਡ ਚੱਲ ਰਹੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ’ਚ 2022 ਦੀਆਂ ਚੋਣਾਂ ਲੜਨ ਦੀ ਗੱਲ ਮੁੜ ਦੁਹਰਾਈ ਹੈ। ਉਹਨਾਂ ਕਿਹਾ ਕਿ ਇਹ ਚੋਣਾਂ ਖਾਨਦਾਨੀ ਵਿਧਾਇਕ ਦੀ ਥਾਂ ਲੋਕਾਂ ਦੇ ਸੇਵਾਦਾਰ ਬਣਨ ਲਈ ਲੜੀਆਂ ਜਾਣ।
ਗੁਰਨਾਮ ਸਿੰਘ ਚੜੂਨੀ ਅੱਜ ਪਿੰਡ ਖਟਕੜ ਕਲਾਂ (ਜ਼ਿਲਾ ਨਵਾਂ ਸ਼ਹਿਰ) ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰੀ ਸਮਾਰਕ ’ਤੇ ਨਮਨ ਕਰਨ ਲਈ ਲਈ ਆਏ ਸਨ। ਚੜੂਨੀ ਨੇ ਚੋਣਾਂ ਲੜਣ ਬਾਰੇ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੱਤਾ ਪ੍ਰਾਪਤੀ ਤੋਂ ਬਿਨਾਂ ਸਮਾਜਿਕ ਪ੍ਰੀਵਰਤਨ ਤੇ ਆਰਥਿਕ ਮੁਕਤੀ ਦੀ ਆਸ ਨਹੀਂ ਰੱਖੀ ਜਾ ਸਕਦੀ ਅਤੇ ਕਾਲੇ ਕਾਨੂੰਨ ਖ਼ਤਮ ਕਰਨ ਲਈ ਵੀ ਇਹ ਵੱਡੀ ਰਾਹਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ‘ਮਿਸ਼ਨ ਪੰਜਾਬ’ ਤਹਿਤ ਸੱਤਾ ਹਾਸਲ ਕਰਕੇ ਦੇਸ਼ ’ਚ ਮਿਸਾਲ ਪੈਦਾ ਕੀਤੀ ਜਾਵੇ ਤਾਂ ਜੋ ਲੰਬੇ ਅਰਸੇ ਤੋਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ ਬਣਨ ਵਾਲੀਆਂ ਸਰਕਾਰਾਂ ਦੀ ਪੇਸ਼ਾਵਾਰ ਰਵਾਇਤ ਟੁੱਟ ਸਕੇ।
ਕਿਸਾਨ ਆਗੂ ਨੇ ਕਿਹਾ ਕਿ ਇਸ ਪ੍ਰਾਪਤੀ ਤੋਂ ਬਾਅਦ 2024’ਚ ‘ਮਿਸ਼ਨ ਭਾਰਤ’ ਤਹਿਤ ਕੇਂਦਰ ਅੰਦਰ ਲੋਕਾਂ ਦੀ ਆਪਣੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਹੋ ਜਾਵੇਗਾ। ਉਹਨਾਂ ਕਿਹਾ ਕਿ ਉਹ ਅੱਜ ਵੀ ਸੰਯੁਕਤ ਮੋਰਚੇ ਦੇ ਸੱਚੇ ਸਿਪਾਹੀ ਹਨ ਤੇ ਮੋਰਚੇ ਦੇ ਕਿਸੇ ਆਗੂਆਂ ਨਾਲ ਮਤਭੇਦ ਨਹੀਂ ਹਨ ਪਰ ਉਹ ਚੋਣਾਂ ਦਾ ਵਿਚਾਰ ਰੱਖ ਕੇ ਲੋਕਾਂ ਨੂੰ ਸਮੇਂ ਦੇ ਜ਼ਾਲਮ ਹਾਕਮਾਂ ਨੂੰ ਚੱਲਦਾ ਕਰਨ ਲਈ ਜਾਗਰੂਕ ਕਰ ਰਹੇ ਹਨ।
ਗੁਰਨਾਮ ਸਿੰਘ ਚੜੂਨੀ ਨੇ ਸਪੱਸ਼ਟ ਕੀਤਾ ਕਿ ਕਿਸਾਨ ਮੋੋਰਚਾ ਭਾਵੇਂ ਉਨ੍ਹਾਂ ਨੂੰ ਕਿੰਨੀ ਵਾਰ ਸਸਪੈਂਡ ਕਰੇ ਉਹ ਉਹਨਾਂ ਦੀ ਉਹ ਉਕਤ ਵਿਚਾਰਧਾਰਾ ’ਤੇ ਕਾਇਮ ਰਹਿਣਗੇ। ਉਹਨਾ ਕਿਹਾ ਕਿ ਦੇਸ਼ ਅੰਦਰ ਮਾੜੇ ਰਾਜ ਪ੍ਰਬੰਧ ਕਰਕੇ ਪਿਛਲੇ ਵੀਹ ਸਾਲਾਂ ’ਚ ਚਾਰ ਲੱਖ ਕਿਸਾਨਾਂ ਦਾ ਖੁਦਕਸ਼ੀ ਕਰ ਜਾਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਤੇ ਮਜ਼ਦੂਰ ਵਰਗ ’ਤੇ ਕਰੋਨਾ ਕਾਲ ’ਚ ਵੀ ਕਰਜ਼ੇ ਦਾ ਭਾਰ ਦੁੱਗਣਾ ਹੋਇਆ ਹੈ ਜਦੋਂ ਮੋਦੀ ਸਰਕਾਰ ਦੇ ਚਹੇਤੇ ਕਾਰਪੋਰੇਟਾਂ ਦੀ ਕਮਾਈ ’ਚ ਦੁੱਗਣਾ ਵਾਧਾ ਹੋਇਆ ਹੈ। ਇਸ ਮੌਕੇ ਉਨ੍ਹਾਂ ਨਾਲ ਬਸਪਾ ਦੇ ਸਾਬਕਾ ਸੂਬਾਈ ਆਗੂ ਰਸ਼ਪਾਲ ਰਾਜੂ ਅਤੇ ਹੋਰ ਵੀ ਸ਼ਾਮਲ ਸਨ।