-ਸੁਬੇਗ ਸਿੰਘ;
ਸਿਆਣੇ ਕਹਿੰਦੇ ਕਿ ਫਿਕਰ ਜਾਂ ਚਿੰਤਾ ਕਰਿਆਂ ਤੋਂ ਕੁੱਝ ਨਹੀਂ ਹੁੰਦਾ। ਸਗੋਂ ਉਲਟਾ, ਇਹਦੇ ਨਾਲ ਸਿਹਤ ਵੀ ਵਿਗੜਦੀ ਹੈ ਅਤੇ ਹੋਰ ਵੀ ਨੁਕਸਾਨ ਹੁੰਦਾ ਹੈ। ਇਸ ਲਈ ਕਿਸੇ ਗੱਲ ਦੀ ਫਿਕਰ ਕਰਨ ਦੀ ਬਜਾਏ, ਉਹਦੀ ਸਹੀ ਵਿਉਂਤਬੰਦੀ ਕਰ ਲੈਣੀ ਚਾਹੀਦੀ ਹੈ, ਤਾਂ ਕਿ ਕਿਸੇ ਕੰਮ ਨੂੰ ਸਹੀ ਸਮੇਂ ਉੱਤੇ ਸਹੀ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਪਰ ਇਸ ਗੱਲ ਤੋਂ ਉੱਕਾ ਹੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਫਿਕਰ ਜਾਂ ਚਿੰਤਾ ਤਾਂ ਮਨੁੱਖ ਨੂੰ ਮੱਲੋਮੱਲੀ ਹੋ ਜਾਂਦੀ ਹੈ। ਇਹ ਚਿੰਤਾ ਕਰਨ ਦੇ ਨਾਲ ਨਹੀਂ ਹੁੰਦੀ।
ਪਰ ਦੂਸਰੇ ਪਾਸੇ, ਅਗਰ ਫਿਕਰ ਕਰਨ ਨਾਲ ਹੀ ਸਾਰੇ ਕੰਮ ਨਿਪਟ ਜਾਣ,ਫੇਰ ਤਾਂ ਕੋਈ ਕੰਮ ਕਰਨ ਦੀ ਜਰੂਰਤ ਹੀ ਨਹੀਂ ਸੀ ਪੈਣੀ।ਪਰ ਕਿਸੇ ਕੰਮ ਨੂੰ ਨੇਪਰੇ ਚਾੜਨ ਲਈ ਤਾਂ ਹੱਥ ਪੱਲਾ ਮਾਰਨਾ ਹੀ ਪੈਣਾ ਹੈ।ਕਿਉਂਕਿ ਹੱਥ ਹਿਲਾਏ ਬਿਨਾਂ ਤਾਂ ਬੁਰਕੀ ਵੀ ਮੂੰਹ ਚ ਨਹੀਂ ਪੈਂਦੀ। ਇਹਦੇ ਲਈ ਵੀ ਥੋੜ੍ਹਾ ਬਹੁਤਾ ਹੱਥ ਤਾਂ ਹਿਲਾਉਣਾ ਹੀ ਪੈਂਦਾ ਹੈ। ਆਖਰ ਪ੍ਰਮਾਤਮਾ ਨੇ ਵੀ ਮਨੁੱਖ ਨੂੰ ਹੱਥ ਪੈਰ ਤੇ ਹੋਰ ਅੰਗ, ਇਸੇ ਲਈ ਹੀ ਤਾਂ ਦਿੱਤੇ ਹਨ। ਸਿਰਫ ਵਿਹਲੇ ਬੈਠਣ ਲਈ ਹੀ ਥੋੜ੍ਹਾ ਦਿੱਤੇ ਹਨ।
ਭਾਵੇਂ ਹੱਥ ਪੱਲਾ ਮਾਰੇ ਬਿਨਾਂ ਜਿੰਦਗੀ ਰੂਪੀ ਗੱਡੀ ਅੱਗੇ ਨਹੀਂ ਤੁਰਦੀ।ਪਰ ਸਮੱਸਿਆ ਤਾਂ ਉਸ ਵਕਤ ਪੈਦਾ ਹੁੰਦੀ ਹੈ, ਜਦੋਂ ਕੋਈ ਮਨੁੱਖ ਹੱਥ ਪੱਲਾ ਹਿਲਾਉਣ ਦੀ ਵਜਾਏ, ਹੱਥ ਤੇ ਹੱਥ ਧਰਕੇ ਫੋਕੀ ਚਿੰਤਾ ਜਾਂ ਫਿਕਰ ਕਰਨ ‘ਚ ਹੀ ਲੱਗਿਆ ਰਹਿੰਦਾ ਹੈ। ਇਹਦੇ ਉਲਟ, ਕਈ ਵਾਰ ਮਨੁੱਖ ਲੋੜ ਤੋਂ ਜਿਆਦਾ ਵੀ ਕਿਸੇ ਗੱਲ ਦੇ ਮਗਰ ਪੈ ਜਾਂਦਾ ਹੈ ਅਤੇ ਦਿਨ ਰਾਤ ਪੁੱਠੇ ਸਿੱਧੇ ਤਰੀਕਿਆਂ ਨਾਲ ਹੀ ਪੈਸਾ ਅਤੇ ਧਨ ਦੌਲਤ ਕਮਾਉਣ ਦੇ ਚੱਕਰ ਚ ਹੀ ਲੱਗਿਆ ਰਹਿੰਦਾ ਹੈ। ਜਿਹੜਾ ਕਿ ਕਿਸੇ ਵੀ ਤਰੀਕੇ ਨਾਲ ਮਨੁੱਖ ਦੇ ਹਿੱਤ ਵਿੱਚ ਨਹੀਂ ਹੁੰਦਾ।
ਬੇਸੱਕ ਮਨੁੱਖ ਨੂੰ ਆਪਣੇ ਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਕੋਈ ਨਾ ਕੋਈ ਕੰਮ ਧੰਦਾ ਤਾਂ ਕਰਨਾ ਹੀ ਪੈਂਦਾ ਹੈ। ਪਰ ਅਫਸੋਸ ਤਾਂ ਉਦੋਂ ਹੁੰਦਾ ਹੈ, ਜਦੋਂ ਕੋਈ ਵਿਅਕਤੀ ਹਰ ਵਕਤ ਧਨ ਦੌਲਤ ਇਕਣਠੀ ਕਰਨ ‘ਚ ਹੀ ਲੱਗਿਆ ਰਹਿੰਦਾ ਹੈ। ਜਦੋਂਕਿ ਧਨ ਦੌਲਤ ਦੇ ਨਾਲ 2 ਜਿੰਦਗੀ ‘ਚ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਹਨ, ਜਿਹੜੇ ਮਨੁੱਖ ਨੂੰ ਸਮੇਂ ਸਿਰ ਨਿਪਟਾ ਲੈਣੇ ਚਾਹੀਦੇ ਕਿਉਂਕਿ ਹਰ ਕੰਮ ਦਾ ਆਪੋ ਆਪਣਾ ਵਕਤ ਹੁੰਦਾ ਹੈ। ਵਕਤ ਲੰਘੇ ਤੋਂ ਤਾਂ,
ਵਕਤੋਂ ਖੁੰਝੀ ਡੂੰਮਣੀ, ਗਾਵੈ ਆਲ ਪਤਾਲ! ਵਾਲੀ ਗੱਲ ਹੋ ਜਾਂਦੀ ਹੈ। ਜਿਸਦਾ ਬਾਅਦ ‘ਚ ਕੋਈ ਮਹੱਤਵ ਨਹੀਂ ਰਹਿ ਜਾਂਦਾ।
ਅਸਲ ਵਿੱਚ ਹਰ ਮਨੁੱਖ, ਆਪਣੇ ਭਵਿੱਖ ਭਾਵ ਕੱਲ ਦੀ ਵਿਉਂਤਬੰਦੀ ਕਰਦਾ ਹੈ। ਜਿਸਦੇ ਲਈ ਮਨੁੱਖ, ਅਕਸਰ ਆਪਣੇ ਵਰਤਮਾਨ ਨੂੰ ਛੱਡ ਕੇ, ਆਉਣ ਵਾਲੇ ਸਮੇਂ ਲਈ ਹੀ ਚਿੰਤਾ ‘ਚ ਡੁੱਬਿਆ ਰਹਿੰਦਾ ਹੈ। ਜਿਸਦੇ ਲਈ ਉਹ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਤੇ ਜੁਆਨੀ ਨੂੰ ਐਵੇਂ ਭੰਗ ਦੇ ਭਾਣੇ ਹੀ ਗੁਆ ਲੈਂਦਾ ਹੈ। ਪਰ ਜਦੋਂ, ਮਨੁੱਖ ਨੂੰ ਇਸ ਗੱਲ ਦੀ ਸੋਝੀ ਆਉਂਦੀ ਹੈ,ਤਾਂ ਵਕਤ ਬੀਤ ਚੁੱਕਿਆ ਹੁੰਦਾ ਹੈ। ਫਿਰ ਦੇ ਮਨੁੱਖ ਨਾਲ, ਅਬ ਪਛਤਾਏ ਹੋਤ ਕਿਆ, ਜਬ ਚਿੜੀਆਂ ਚੁੱਗ ਗਈ ਖੇਤ! ਵਾਲੀ ਗੱਲ ਹੋ ਚੁੱਕੀ ਹੁੰਦੀ ਹੈ।ਭਾਵ,ਕਿ ਕੀਮਤੀ ਸਮਾਂ ਤਾਂ ਬੀਤ ਚੁੱਕਿਆ ਹੁੰਦਾ ਹੈ।ਜਿਹੜਾ ਕਿ ਬਾਅਦ ‘ਚ ਲੱਖ ਯਤਨ ਕਰਨ ਦੇ ਬਾਵਜੂਦ ਅਤੇ ਕਿਸੇ ਵੀ ਕੀਮਤ ‘ਤੇ ਵਾਪਸ ਨਹੀਂ ਆ ਸਕਦਾ।
ਮਨੁੱਖ ਨੂੰ ਆਉਣ ਵਾਲੇ ਸਮੇਂ ਬਾਰੇ ਫਿਕਰ ਨਾ ਕਰਨ ਤੋਂ ਭਾਵ ਇਹ ਨਹੀਂ ਹੈ, ਕਿ ਮਨੁੱਖ ਨੂੰ ਹਮੇਸ਼ਾ ਹੱਥ ਤੇ ਹੱਥ ਧਰ ਕੇ ਹੀ ਬੈਠੇ ਰਹਿਣਾ ਚਾਹੀਦਾ ਹੈ। ਭਾਵੇਂ ਮਨੁੱਖ ਨੂੰ ਆਪਣੇ ਤੇ ਆਪਣੇ ਪਰਿਵਾਰ ਦੇ ਆਉਣ ਵਾਲੇ ਸਮੇਂ ਬਾਰੇ ਵੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਪਰ ਇੱਕ ਗੱਲ ਦਾ ਜਰੂਰ ਧਿਆਨ ਰੱਖਣਾ ਚਾਹੀਦਾ ਹੈ, ਕਿ ਆਪਣੇ ਵਰਤਮਾਨ ਨੂੰ ਪੂਰੀ ਤਰ੍ਹਾਂ ਦਾਅ ਤੇ ਲਾ ਕੇ ਸਿਰਫ ਤੇ ਸਿਰਫ ਆਉਣ ਬਾਰੇ ਕੱਲ੍ਹ ਦੇ ਲਈ ਹੀ ਹਰ ਵਕਤ ਚਿੰਤਾ ‘ਚ ਡੁੱਬੇ ਰਹਿਣਾ ਵੀ ਕੋਈ ਸਿਆਣਪ ਨਹੀਂ ਹੁੰਦੀ। ਇਸੇ ਲਈ ਤਾਂ ਕਹਿੰਦੇ ਕਿ ਮਨੁੱਖ ਨੂੰ, ਛੱਡ ਦੇ ਫਿਕਰਾਂ ਕੱਲ ਦੀਆਂ, ਤੂੰ ਹੱਸ ਕੇ ਅੱਜ ਗੁਜਾਰ! ਵਾਲੀ ਗੱਲ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ, ਤਾਂ ਕਿ ਜਿੰਦਗੀ ਦੇ ਹਰ ਪਲ ਦਾ ਸਹੀ ਤਰੀਕੇ ਨਾਲ ਅਨੰਦ ਮਾਣਿਆ ਜਾ ਸਕੇ।
ਸੰਪਰਕ :93169 10402