ਚੰਡੀਗੜ੍ਹ ਦਾ ਸਥਾਪਨਾ ਦਿਵਸ ਪੰਜਾਬੀਆਂ ਲਈ ‘ਕਾਲਾ ਦਿਵਸ’

TeamGlobalPunjab
3 Min Read

 

ਚੰਡੀਗੜ੍ਹ, (ਅਵਤਾਰ ਸਿੰਘ): ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ), ਪੇਂਡੂ ਸੰਘਰਸ਼ ਕਮੇਟੀ, ਸਮੂਹ ਗੁਰਦੁਆਰਾ ਸੰਗਠਨ ਅਤੇ ਪੰਜਾਬੀ ਲੇਖਕ ਸਭਾ ਦੇ ਵਿਸ਼ੇਸ਼ ਸਹਿਯੋਗ ਨਾਲ ਚੰਡੀਗੜ੍ਹ ਵਿਚ ਮਸਜਿਦ ਗਰਾਉਂਡ, ਵਿਖੇ ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਨਕਾਰਨ, ਦੁਰਕਾਰਨ ਅਤੇ ਵਿਸਾਰਨ ਖਿਲਾਫ ਇਕ ਵਿਸ਼ਾਲ ਜਨਤਕ ਰੋਸ ਧਰਨਾ ਕਰਕੇ ‘ਕਾਲਾ ਦਿਵਸ’ ਮਨਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਿਰੀ ਰਾਮ ਅਰਸ਼, ਦੇਵੀ ਦਿਆਲ ਸ਼ਰਮਾ, ਸੁਖਜੀਤ ਸਿੰਘ ਸੁੱਖਾ, ਬਾਬਾ ਸਾਧੂ ਸਿੰਘ, ਗੁਰਨਾਮ ਸਿੰਘ ਸਿੱਧੂ, ਗੁਰਨਾਮ ਕੰਵਰ ਅਤੇ ਕਰਮ ਸਿੰਘ ਵਕੀਲ ਸ਼ਾਮਲ ਹੋਏ।
ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਰੋਸ ਧਰਨੇ ਦੌਰਾਨ ਕਿਹਾ ਕਿ ਪੰਜਾਬ ਦੀ ਕਾਣੀ-ਵੰਡ ਉਪਰੰਤ 1966 ਤੋਂ ਹੀ ਪੰਜਾਬੀਆਂ ਨਾਲ ਹੋਏ ਧੱਕੇ ਖਿਲਾਫ ਧਰਨੇ ਜਾਰੀ ਹਨ। ਪੰਜਾਬੀ ਬੋਲਦੇ ਪੁਆਧ ਖੇਤਰ ਦੇ ਪੰਜਾਬੀ ਬੋਲਦੇ ਘੁਗ-ਵਸਦੇ 22 ਪਿੰਡ ਉਜਾੜ ਕੇ ਸਰਕਾਰ ਨੇ ਚੰਡੀਗੜ੍ਹ ਵਸਾਇਆ ਸੀ ਪਰ ਅੱਖ ਫਰਕਦੇ ਹੀ ਚੰਡੀਗੜ੍ਹ’ਚ ਦਫਤਰੀ ਭਾਸ਼ਾ ਅੰਗਰੇਜ਼ੀ ਕਰਕੇ ਉਨ੍ਹਾਂ ਲੋਕਾਂ ਨਾਲ ਘੋਰ-ਅਨਿਆ ਕੀਤਾ, ਜੋ ਅੱਜ ਵੀ ਜਾਰੀ ਹੈ। ਉਨ੍ਹਾਂ ਹਾਜ਼ਰੀਨ ਨੂੰ ਅੱਜ ਸਹੁੰ ਖਾਣ ਲਈ ਕਿਹਾ ਕਿ ਜਦ ਤੱਕ ਚੰਡੀਗੜ੍ਹ ਵਿਚ ਪੰਜਾਬੀ ਪਹਿਲੀ ਭਾਸ਼ਾ ਵੱਜੋਂ ਲਾਗੂ ਨਹੀਂ ਹੋ ਜਾਂਦੀ ਅਸੀਂ ਸੰਘਰਸ਼ ਕਰਾਂਗੇ ਤੇ ਚੈਨ ਨਾਲ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਚੰਡੀਗੜ੍ਹ ਦਾ ਸਥਾਪਨਾ ਦਿਵਸ ਪੰਜਾਬੀਆਂ ਲਈ ‘ਕਾਲਾ ਦਿਵਸ’ ਹੈ ਜਿਸ ਕਾਰਨ ਅੱਜ ਅਸੀਂ ਕਾਲੇ ਝੰਡੇ ਲੈ ਕੇ ਰੋਸ ਕਰ ਰਹੇ ਹਾਂ।
ਸਿਰੀ ਰਾਮ ਅਰਸ਼ ਨੇ ਧਰਨਾਕਾਰੀਆਂ ਨੂੰ ਮਹਾਂ-ਮਾਰੀ ਦੌਰਾਨ ਵੱਡੀ ਗਿਣਤੀ ਵਿਚ ਰੋਸ ਧਰਨੇ ਵਿਚ ਆ ਕੇ ਕਾਲਾ ਦਿਵਸ ਮਨਾਉਣ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਅੱਜ ਦੇ ਸੰਕਟ ਕਾਲ ਵਿਚ ਸਮਾਜ ਪ੍ਰਤੀ ਲੇਖਕਾਂ ਅਤੇ ਬੁੱਧੀਜੀਵੀਆਂ ਦੀ ਜਿਮੇਵਾਰੀ ਹੋਰ ਵੀ ਵੱਧ ਗਈ ਹੈ ਜੋ ਸਾਨੂੰ ਲੋਕਾਂ ਨੂੰ ਜਾਗਰੂਕ ਕਰਕੇ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਕਰਨ ਲਈ ਪ੍ਰੇਰਦੇ ਹੋਏ ਬਾਖੂਬੀ ਨਿਭਾਉਣੀ ਚਾਹੀਦੀ ਹੈ।
ਲਲਕਾਰ ਤੋਂ ਸਾਥੀ ਮਾਨਵ ਨੇ ਜੋਰ ਦੇ ਕੇ ਕਿਹਾ ਕਿ ਚੰਡੀਗੜ੍ਹ ਭੂਗੋਲਿਕ ਤੌਰ ਤੇ ਪੰਜਾਬ ਦਾ ਖਿਤਾ ਹੈ ਇਸ ਚੋਂ ਪੰਜਾਬੀ ਮਨਫੀ ਕਰਨੀ ਗੈਰ-ਮਾਨਵੀ ਅਤੇ ਗੈਰ ਸਵਿਧਾਨਕ ਹੈ।
ਗੁਰਜੋਤ ਸਿੰਘ ਸਾਹਨੀ ਨੇ ਕਿਹਾ ਮਾਂ ਬੋਲੀ ਤੋਂ ਟੁੱਟ ਕੇ ਇਨਸਾਨ ਵਿਕਾਸ ਨਹੀਂ ਕਰ ਸਕਦਾ। ਕੀ ਸਰਕਾਰ ਚਾਹੁੰਦੀ ਹੈ ਕਿ ਚੰਡੀਗੜ੍ਹ ਖੇਤਰ ਦੀ ਆਮ ਜਨਤਾ ਗੁਰਬਾਣੀ ਨਾਲ ਨਾ ਜੁੜੇ ਤੇ ਵਿਕਾਸ ਨਾ ਕਰੇ?
ਉਪਰੋਕਤ ਤੋਂ ਇਲਾਵਾ ਬੀਬੀ ਸੁਖਵਿੰਦਰ ਕੌਰ ਬਹਿਲਾਣਾ, ਪਰਮਜੀਤ ਸਿੰਘ ਬੈਦਵਾਣ, ਭੁਪਿੰਦੱਰ ਸਿੰਘ (ਏਟਕ), ਜੋਗਾ ਸਿੰਘ, ਦੀਪਕ ਚਨਾਰਥਲ, ਬਲਕਾਰ ਸਿੰਘ ਸਿੱਧੂ, ਸਾਥੀ ਕੰਵਲਜੀਤ, ਬਾਬਾ ਗੁਰਦਿਆਲ ਸਿੰਘ, ਬਾਬਾ ਸਾਧੂ ਸਿੰਘ, ਗੁਰਨਾਮ ਕੰਵਰ, ਕਰਮ ਸਿੰਘ ਵਕੀਲ ਅਤੇ ਸੁਰਜੀਤ ਸਿੰਘ ਸੁੱਖਾ ਨੇ ਵੀ ਵਿਚਾਰ ਪੇਸ਼ ਕੀਤੇ।ਸਮਾਗਮ ਦੌਰਾਨ ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ, ਰਾਜ ਕੁਮਾਰ, ਸੰਜੀਵਨ ਸਿੰਘ, ਊਸ਼ਾ ਕੰਵਰ, ਅਮਨ, ਬੀਬੀ ਮਨਜੀਤ ਕੌਰ ਮੀਤ, ਬੂਟਾ ਸਿੰਘ, ਹਰਦੀਪ ਸਿੰਘ ਬਟੇਲਾ, ਦਵਿੰਦਰ ਸਿੰਘ, ਦਰਸ਼ਣ ਤਿਊਣਾ, ਲਾਲ ਜੀ ਲਾਲੀ ਅਤੇ ਵੱਡੀ ਗਿਣਤੀ ਵਿਚ ਵਕੀਲਾਂ, ਵਿਦਿਆਰਥੀਆਂ ਅਤੇ ਸ਼ਹਿਰੀਆਂ ਨੇ ਹਿਸਾ ਲਿਆ।

Share This Article
Leave a Comment