ਘਟੀਆ ਹਰਕਤ ਹੈ ਕੈਬਨਿਟ ‘ਚ ਫੇਰਬਦਲ ਦੇ ਦਬਕੇ ਨਾਲ ਮੰਤਰੀਆਂ ਨੂੰ ਚੁੱਪ ਕਰਾਉਣਾ- ਕੁਲਤਾਰ ਸਿੰਘ ਸੰਧਵਾਂ

TeamGlobalPunjab
4 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਆਬਕਾਰੀ ਘਾਟੇ ਨੂੰ ਲੈ ਕੇ ਪੰਜਾਬ ਕੈਬਨਿਟ ‘ਚ ਪੈਦਾ ਹੋਈ ਖ਼ਾਨਾ-ਜੰਗੀ ਨੂੰ ਲਾਲਚ ਅਤੇ ਡੰਡੇ ਦੇ ਜ਼ੋਰ ਨਾਲ ਦਬਾਉਣ ਦੀਆਂ ਕੋਸ਼ਿਸ਼ਾਂ ਪੰਜਾਬ ਅਤੇ ਪੰਜਾਬੀਆਂ ਲਈ ਬੇਹੱਦ ਘਾਤਕ ਸਾਬਤ ਹੋਣਗੀਆਂ। ਮੁੱਖ ਮੰਤਰੀ ਦਫ਼ਤਰ ਦੀਆਂ ਇਹ ਕੋਸ਼ਿਸ਼ਾਂ ਨਾ ਕੇਵਲ ਅਨੈਤਿਕ ਸਗੋਂ ਗੈਰ ਸੰਵਿਧਾਨਕ ਵੀ ਹਨ। ਕੈਬਨਿਟ ‘ਚ ਫੇਰਬਦਲ ਦੇ ਡਰਾਵੇ ਨਾਲ ਮੰਤਰੀਆਂ ਦੀ ਆਵਾਜ਼ ਦਬਾਉਣਾ ਨਿੰਦਾਜਨਕ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕੈਬਨਿਟ ‘ਚ ਫੇਰਬਦਲ ਦੇ ਡਰਾਵੇ ਨਾਲ ਮੰਤਰੀਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਨੂੰ ਇੱਕ ਭ੍ਰਿਸ਼ਟ, ਕਮਜ਼ੋਰ ਅਤੇ ਤਿਕੜਮਬਾਜ਼ ਸ਼ਾਸਨ ਦੀ ਘਟੀਆ ਸਾਜ਼ਿਸ਼ ਕਰਾਰ ਦਿੱਤੀ।

‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਹਿੱਤ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਅਹੁਦੇ ‘ਤੇ ਬਣੇ ਰਹਿਣ ਜਾਂ ਨਾ ਰਹਿਣ ਨਾਲ ਨਹੀਂ, ਸਗੋਂ ਸੂਬੇ ਦੇ ਖ਼ਜ਼ਾਨੇ ਦੀ ਹੋ ਰਹੀ ਲੁੱਟ ਨਾਲ ਹੈ। ਜੇ ਆਬਕਾਰੀ ਮਾਲੀਆ ਘਾਟੇ ਲਈ ਮੁੱਖ ਸਕੱਤਰ ਜ਼ਿੰਮੇਵਾਰ ਹਨ ਤਾਂ ਕਰਨ ਅਵਤਾਰ ਸਿੰਘ ‘ਤੇ ਮਾਮਲਾ ਦਰਜ਼ ਹੋਣਾ ਚਾਹੀਦਾ ਹੈ। ਇਸੇ ਤਰਾਂ ਜੇਕਰ ਇਸ ਘਾਟੇ ਲਈ ਕੋਈ ਦੂਸਰਾ ਮੰਤਰੀ, ਵਿਧਾਇਕ ਜਾਂ ਖ਼ੁਦ ਮੁੱਖ ਮੰਤਰੀ ਦਫ਼ਤਰ ਜ਼ਿੰਮੇਵਾਰ ਹੈ ਤਾਂ ਗਾਜ ਸੰਬੰਧਿਤ ਜੁੰਡਲੀ ‘ਤੇ ਡਿਗਣੀ ਚਾਹੀਦੀ ਹੈ, ਪਰੰਤੂ ਮਸਲਾ ‘ਬਿੱਲੀ ਦੇ ਗਲ ਟੱਲੀ’ ਬੰਨ੍ਹਣ ਦਾ ਹੈ ਕਿ ਇਸ ਪੂਰੇ ਘਾਲ਼ੇ-ਮਾਲ਼ੇ ਦੀ ਨਿਰਪੱਖ ਜਾਂਚ ਕੌਣ ਕਰੇ? ਮੁੱਖ ਮੰਤਰੀ ਕੋਲ ਅਫ਼ਸਰਾਂ ਨੇ ਆਖ ਦਿੱਤਾ ਹੈ ਕਿ ਕੋਈ ਘਾਟਾ ਹੀ ਨਹੀਂ ਪਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਨੇ ਆਪਣੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਬਾਕੀ ਵਿਧਾਇਕਾਂ ਅਤੇ ਵਜ਼ੀਰਾਂ ਦੀ ਥਾਂ ਅਫ਼ਸਰਸ਼ਾਹੀ ‘ਤੇ ਯਕੀਨ ਕਰਦਿਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਅਨ-ਐਲਾਨੀ ਕਲੀਨ ਚਿੱਟ ਦੇ ਦਿੱਤੀ ਹੈ। ਆਮ ਆਦਮੀ ਪਾਰਟੀ ਬਿਨਾ ਕਿਸੇ ਨਿਰਪੱਖ ਅਤੇ ਬਾਰੀਕ ਜਾਂਚ ਪੜਤਾਲ ਤੋਂ ਦਿੱਤੀ ਅਜਿਹੀ ਅਨ-ਐਲਾਨੀ ਕਲੀਨ-ਚਿੱਟ ਨੂੰ ਖ਼ਾਰਜ ਕਰਦੀ ਹੈ।

ਕੁਲਤਾਰ ਸਿੰਘ ਸੰਧਵਾਂ ਅਨੁਸਾਰ ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਸਕੱਤਰ ਰਾਹੀਂ ਪੂਰੇ ਮੁੱਖ ਮੰਤਰੀ ਦਫ਼ਤਰ ਨੂੰ ਕਟਹਿਰੇ ‘ਚ ਖੜ੍ਹਾਉਣ ਵਾਲੇ ਕਾਂਗਰਸੀ ਵਿਧਾਇਕ, ਸੰਸਦ ਅਤੇ ਵਜ਼ੀਰ ਅਰਬਾਂ ਰੁਪਏ ਦੀ ਲੁੱਟ ਕਰਨ ਵਾਲੇ ਪੰਜਾਬ ਵਿਰੋਧੀ ਰਸੂਖਦਾਰਾਂ ਕੋਲੋਂ ਪਾਈ-ਪਾਈ ਵਸੂਲਣ ਅਤੇ ਉਨ੍ਹਾਂ ਦੀਆਂ ਨਜਾਇਜ਼ ਜਾਇਦਾਦਾਂ ਕੁਰਕ ਕਰਨ ਲਈ ਸਟੈਂਡ ਲੈਂਦੇ ਹਨ ਜਾਂ ਫਿਰ ਆਪਣੀਆਂ ਲੜਾਈ ਸੇਵਾਮੁਕਤੀ ਦੀ ਕਗਾਰ ‘ਤੇ ਖੜੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਕੈਬਨਿਟ ਬੈਠਕਾਂ ‘ਚ ਹਾਜ਼ਰੀ ਜਾਂ ਗੈਰ ਹਾਜ਼ਰੀ ਤੱਕ ਹੀ ਸੀਮਤ ਕਰ ਲੈਂਦੇ ਹਨ। ‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਕਾਂਗਰਸੀ ਵਿਧਾਇਕ ਅਤੇ ਵਜ਼ੀਰ ਆਪਣੇ ਅਹੁਦਿਆਂ-ਰੁਤਬਿਆਂ ਨੂੰ ਬਚਾਉਣ ਜਾਂ ਹੋਰ ਵੱਧ ਲੈਣ ਲਈ ‘ਡੀਲ’ ਕਰਕੇ ਚੁੱਪ ਹੋ ਜਾਣਗੇ ਤਾਂ ਪੰਜਾਬ ਦੇ ਲੋਕਾਂ ਨੂੰ ਕੀ ਮੂੰਹ ਦਿਖਾਉਣਗੇ?

- Advertisement -

‘ਆਪ’ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ 2022 ‘ਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤਾਂ ਨਾ ਕੇਵਲ ਸ਼ਰਾਬ ਮਾਫ਼ੀਆ ਸਗੋਂ ਸਾਰੇ ਮਾਫ਼ੀਏ ਹਾਈਕੋਰਟ ਦੀ ਨਿਗਰਾਨੀ ਵਾਲੀ ਨਿਰਪੱਖ ਅਤੇ ਸਮਾਂਬੱਧ ਜਾਂਚ ਦੇ ਹਵਾਲੇ ਕੀਤੇ ਜਾਣਗੇ। ਜਾਂਚ ਰਿਪੋਰਟ ਅਨੁਸਾਰ ਇਨ੍ਹਾਂ ਸਾਰੇ ਲੁਟੇਰਿਆਂ ਤੋਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਲੁੱਟੀ ਹੋਈ ਅਰਬਾਂ ਰੁਪਏ ਦੀ ਦੌਲਤ ਵਿਆਜ ਸਮੇਤ ਵਸੂਲੀ ਜਾਵੇਗੀ ਅਤੇ ਇਨ੍ਹਾਂ ਦੇ ਨਜਾਇਜ਼ ਕਮਾਈ ਨਾਲ ਉਸਾਰੇ ਮਹਿਲ-ਮੁਨਾਰੇ ਸਰਕਾਰ ਦੇ ਕਬਜ਼ੇ ‘ਚ ਕੀਤੇ ਜਾਣਗੇ।

Share this Article
Leave a comment