ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਸਾਰੇ ਖੁਸ਼ੀਆਂ ਨਾਲ ਝੂਮ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਮੋਦੀ ਦੇ ਐਲਾਨ ਦਾ ਸਵਾਗਤ ਕੀਤਾ ਹੈ, ਪਰ ਕਿਸਾਨਾਂ ਨੇ ਕਿਹਾ ਕਿ ਉਹ ਉਦੋਂ ਤੱਕ ਆਪਣਾ ਅੰਦੋਲਨ ਜਾਰੀ ਰੱਖਣਗੇ ਜਦੋਂ ਤੱਕ ਸਰਕਾਰ ਸੰਸਦ ਵਿੱਚ ਤਿੰਨ ਕਾਨੂੰਨ ਵਾਪਸ ਨਹੀਂ ਲੈ ਲੈਂਦੀ।
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਹੋਰ ਕਾਂਗਰਸੀ ਆਗੂਆਂ ਨਾਲ ਜੰਤਰ-ਮੰਤਰ ਵਿਖੇ ਜਿਥੇ 348 ਦਿਨ੍ਹਾਂ ਤੋਂ ਕਿਸਾਨ ਬੈਠੇ ਹੋਏ ਹਨ,ਵਾਲੀ ਥਾਂ ‘ਤੇ ਪੁੱਜੇ ਅਤੇ ਖੁਸ਼ੀ ‘ਚ ਭੰਗੜਾ ਪਾਇਆ। ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰਾਂ ਨੇ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਯਾਦ ਵਿੱਚ ਮੋਮਬੱਤੀਆਂ ਵੀ ਜਗਾਈਆਂ।
ਰਵਨੀਤ ਬਿੱਟੂ ਨੇ ਕਿਹਾ ਕਿ ਇਹ ਜਿੱਤ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਹੋਈ ਹੈ, ਇਸ ਲਈ ਸਾਰੇ ਕਾਂਗਰਸੀ ਆਗੂ ਉਨ੍ਹਾਂ ਅੱਗੇ ਸਿਰ ਝੁਕਾਉਂਦੇ ਹਨ। ਕਾਂਗਰਸ ਦੇ ਸੰਸਦ ਮੈਂਬਰ ਕਿਸਾਨਾਂ ਅਤੇ ਕਿਰਸਾਨੀ ਨੂੰ ਬਚਾਉਣ ਲਈ ਇੱਕ ਸਾਲ ਤੋਂ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਸਨ।
ਪੰਜਾਬ ਕਾਂਗਰਸ ਦੀ ਤਰਫੋਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਹੋਰ ਆਗੂ ਕਿਸਾਨੀ ਕਾਨੂੰਨਾਂ ਖਿਲਾਫ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ। ਸ਼ੁੱਕਰਵਾਰ ਨੂੰ ਇਸ ਧਰਨੇ ਦਾ 348ਵਾਂ ਦਿਨ ਸੀ। ਡਿੰਪਾ ਇੱਥੇ ਲਗਾਤਾਰ ਬੈਠੇ ਸਨ।
ਅੰਦੋਲਨ ਦੌਰਾਨ 25 ਜਨਵਰੀ 2021 ਨੂੰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਦੀ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਕਿਸਾਨਾਂ ਦਾ ਸਾਥ ਦੇਣ ਪਹੁੰਚੇ ਸਨ।