ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਮਨੁੱਖੀ ਹੱਕਾਂ ਦੀ ਲੜਾਈ ਦੌਰਾਨ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਬਾਰੇ ਗੁਰਮੀਤ ਕੌਰ ਵੱਲੋਂ ਲਿਖੀ ਕਿਤਾਬ ‘ ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ’ ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਰਲੀਜ਼ ਕੀਤਾ ਗਿਆ।
ਇਸ ਮੌਕੇ ਮੁੱਖ ਬੁਲਾਰੇ ਦੇ ਤੌਰ ‘ਤੇ ਬੋਲਦਿਆਂ ਐਡਵੋਕੇਟ ਆਰਐੱਸ ਬੈਂਸ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਮਨੁੱਖੀ ਹੱਕਾਂ ਦੀ ਡਟਕੇ ਲੜਾਈ ਲੜੀ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ ਹੋਏ ਬਹੁਤ ਸਾਰੇ ਝੂਠੇ ਪੁਲੀਸ ਮੁਕਾਬਲਿਆਂ ਦੀ ਅਸਲੀਅਤ ਬਿਆਨ ਕੀਤੀ ਸੀ। ਜਿਸ ਕਾਰਨ ਪੁਲਿਸ ਨੇ ਉਨ੍ਹਾਂ ਹਿਰਾਸਤ ਵਿਚ ਰੱਖਕੇ ਸ਼ਹੀਦ ਕਰ ਦਿੱਤਾ ਸੀ। ਸਾਡੀ ਨਵੀਂ ਪੀੜ੍ਹੀ ਭਾਈ ਖਾਲੜਾ ਦੀ ਕੁਰਬਾਨੀ ਤੋਂ ਅਣਜਾਣ ਹੈ ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਅੱਤਿਆਚਾਰ ਬਾਰੇ ਵੀ ਸਾਡੀ ਨਵੀਂ ਪੀੜ੍ਹੀ ਨੂੰ ਪੂਰਾ ਪਤਾ ਨਹੀਂ ਜਿਸ ਕਾਰਨ ਗੁਰਮੀਤ ਕੌਰ ਦੀ ਇਹ ਕਿਤਾਬ ਨਵੀਂ ਪੀੜ੍ਹੀ ਨੂੰ ਵਧੀਆ ਜਾਣਕਾਰੀ ਦੇਣ ਦਾ ਚੰਗਾ ਸਾਧਨ ਹੈ।
ਇਸ ਮੌਕੇ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਭਾਈ ਖਾਲੜਾ ਸਾਡੇ ਵਿੱਚ ਅਜੇ ਵੀ ਜ਼ਿੰਦਾ ਹਨ ਕਿਉਂਕਿ ਉਨ੍ਹਾਂ ਵੱਲੋਂ 25000 ਹਜ਼ਾਰ ਨੌਜਵਾਨਾਂ ਦੀਆਂ ਅਣਪਛਾਤੀਆਂ ਕਹਿਕੇ ਸਾੜੀਆਂ ਲਾਸ਼ਾਂ ਦਾ ਮੁੱਦਾ ਉਠਾਇਆ ਗਿਆ ਸੀ ਅਤੇ ਪੁਲਿਸ ਵੱਲੋਂ ਕੀਤੇ ਝੂਠੇ ਪੁਲੀਸ ਮੁਕਾਬਲੇ ਖਿਲਾਫ ਡਟਕੇ ਆਵਾਜ਼ ਬੁਲੰਦ ਕੀਤੀ ਗੲੀ ਸੀ। ਉਨ੍ਹਾਂ ਵੱਲੋਂ ਪਾਈਆਂ ਪਿਰਤਾਂ ‘ਤੇ ਅੱਜ ਵੀ ਅਸੀਂ ਚੱਲ ਰਹੇ ਹਾਂ । ਜਿਸ ਕਾਰਨ ਭਾਈ ਖਾਲੜਾ ਦੀ ਸ਼ਹੀਦੀ ਅਜਾਈਂ ਨਹੀਂ ਜਾਵੇਗੀ। ਇਸ ਮੌਕੇ ਲੇਖਕ ਅਤੇ ਪੱਤਰਕਾਰ ਗੁਰਬਚਨ ਸਿੰਘ ਨੇ ਕਿਹਾ ਕਿ ਜੋ ਅੱਜ ਦਾ ਕਿਸਾਨੀ ਦਾ ਸੰਘਰਸ਼ ਹੈ ਉਹ ਵੀ ਪੰਜਾਬ ‘ਚ ਲੜੀ ਗਈ ਖਾੜਕੂ ਲਹਿਰ ਦਾ ਹੀ ਇਕ ਵਰਤਾਰਾ ਹੈ। ਉਹ ਲੜਾਈ ਪਹਿਲਾਂ ਵੀ ਆਪਣੇ ਹੱਕ ਹਕੂਕ ਲੈਣ ਦੀ ਸੀ ਅਤੇ ਹੁਣ ਵੀ ਪੰਜਾਬ ਤੇ ਕਿਸਾਨੀ ਨਾਲ ਧੱਕੇ ਖ਼ਿਲਾਫ਼ ਲੜਾਈ ਜਾਰੀ ਹੈ।
ਇਸ ਮੌਕੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸਿੱਖ ਚਿੰਤਕ ਭਾਈ ਖੁਸ਼ਹਾਲ ਸਿੰਘ,ਐਡਵੋਕੇਟ ਜਗਦੀਸ਼ ਸਿੰਘ , ਸਰਬਜੀਤ ਸਿੰਘ ਵੇਰਕਾ ਆਦਿ ਸ਼ਾਮਿਲ ਸਨ।