ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ., ਲੁਧਿਆਣਾ ਦੇ ਵਰਚੁਅਲ ਕਿਸਾਨ ਮੇਲੇ ਦਾ ਉਦਘਾਟਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਹਨਾਂ ਕਿਹਾ ਕਿ ਕਿਸਾਨ ਮੇਲੇ ਕਿਸਾਨੀ ਨੂੰ ਨਵਾਂ ਰਾਹ ਦੱਸਦੇ ਰਹੇ ਹਨ । ਉਹਨਾਂ ਦੱਸਿਆ ਕਿ ਉਹ ਹਰੀ ਕ੍ਰਾਂਤੀ ਦੇ ਦੌਰ ਤੋਂ ਹੀ ਪੀ.ਏ.ਯੂ. ਦੇ ਕਿਸਾਨ ਮੇਲਿਆਂ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਯੂਨੀਵਰਸਿਟੀ ਵੱਲੋਂ ਕੀਤੇ ਸਾਰੇ ਖੇਤੀ ਵਿਕਾਸ ਨੂੰ ਅੱਖੀਂ ਵੇਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਨੇ ਨਵੀਆਂ ਕਿਸਮਾਂ ਅਤੇ ਨਵੇਂ ਉਤਪਾਦਨ ਤਰੀਕੇ ਕਿਸਾਨਾਂ ਨੂੰ ਦਿੱਤੇ। ਇਸੇ ਦਾ ਸਿੱਟਾ ਹੈ ਕਿ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਇਆ ਅਤੇ ਦੇਸ਼ ਅਨਾਜ ਪੱਖੋਂ ਸਵੈ-ਨਿਰਭਰ ਹੋਇਆ। ਅੱਜ ਖੇਤੀ ਅਤੇ ਡੇਅਰੀ ਨੂੰ ਇਕੱਠੇ ਹੋਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਕਿਸਾਨੀ ਦੀ ਆਮਦਨ ਵਿੱਚ ਵਾਧਾ ਹੋ ਸਕੇ। ਉਹਨਾਂ ਕਿਹਾ ਕਿ ਕਣਕ-ਝੋਨੇ ਦੇ ਖੇਤਰ ਵਿੱਚ ਪੰਜਾਬ ਦੇਸ਼ ਵਿੱਚ ਸਭ ਤੋਂ ਵੱਧ ਯੋਗਦਾਨ ਦਿੰਦਾ ਰਿਹਾ ਹੈ। ਉਹਨਾਂ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਬਿਜਲੀ ਬਨਾਉਣ ਤੋਂ ਇਲਾਵਾ ਹੋਰ ਉਦਯੋਗਾਂ ਅਤੇ ਹੋਰ ਤਰੀਕਿਆਂ ਨੂੰ ਨਾਲ ਜੋੜਨਾ ਸਮੇਂ ਦੀ ਲੋੜ ਹੈ। ਮੁੱਖ ਮੰਤਰੀ ਨੇ ਪਿਛਲੇ ਸਾਲ ਕੋਵਿਡ ਦੇ ਬਾਵਜੂਦ ਹੋਏ ਰਿਕਾਰਡ ਫਸਲੀ ਉਤਪਾਦਨ ਲਈ ਕਿਸਾਨਾਂ ਅਤੇ ਪੀ.ਏ.ਯੂ. ਮਾਹਿਰਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਬਾਵਜੂਦ ਇਹਨਾਂ ਮੇਲਿਆਂ ਦਾ ਲੱਗਣਾ ਪੀ.ਏ.ਯੂ. ਦੀ ਸਫਲਤਾ ਹੈ ਅਤੇ ਕਿਸਾਨਾਂ ਨੂੰ ਨਵੇਂ ਬੀਜਾਂ ਦੀ ਜਾਣਕਾਰੀ, ਖੇਤੀ ਸਾਹਿਤ ਅਤੇ ਮਾਹਿਰਾ ਦੀ ਸਲਾਹ ਲਈ ਇਸ ਮੇਲੇ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਨੇ ਕਿਸਾਨਾਂ ਨੂੰ ਨਿੰਮ ਦੇ ਘੋਲ ਦੀ ਸਪਰੇਅ ਵਰਗੀਆਂ ਗੈਰ-ਰਸਾਇਣਕ ਵਿਧੀਆਂ ਨਾਲ ਜੁੜਨ ਦਾ ਸੱਦਾ ਦਿੱਤਾ।
ਇਸ ਉਦਘਾਟਨੀ ਸੈਸ਼ਨ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਅਨਿਰੁਧ ਤਿਵਾੜੀ, ਵਧੀਕ ਮੁੱਖ ਸਕੱਤਰ ਵਿਕਾਸ ਨੇ ਮੇਲੇ ਵਿੱਚ ਕਿਸਾਨਾਂ ਦਾ ਸਵਾਗਤ ਕਰਦਿਆਂ ਖੋਜ ਕਾਰਜਾਂ ਵਿੱਚ ਸਹਿਯੋਗ ਲਈ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਰਚੁਅਲ ਕਿਸਾਨ ਮੇਲੇ ਕੋਵਿਡ ਦੀ ਮਹਾਂਮਾਰੀ ਕਾਰਨ ਮਜਬੂਰੀ ਵਿੱਚ ਲਾਉਣੇ ਪਏ ਸਨ ਪਰ ਇਹਨਾਂ ਦੀ ਸਫਲਤਾ ਨੇ ਪੀ.ਏ.ਯੂ. ਅਤੇ ਕਿਸਾਨਾਂ ਦੀ ਸਾਂਝ ਦਾ ਪ੍ਰਮਾਣ ਦਿੱਤਾ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਪੀ.ਏ.ਯੂ. ਵੱਲੋਂ ਮੌਜੂਦਾ ਸਮੱਸਿਆਵਾਂ ਦੇ ਆਧਾਰ ਤੇ ਮੇਲ਼ਿਆਂ ਦੇ ਥੀਮ ਨਿਰਧਾਰਤ ਕੀਤੇ ਜਾਂਦੇ ਹਨ। ਇਸ ਵਾਰ ਵੀ ਕਰੀਏ ਪਰਾਲੀ ਦੀ ਸੰਭਾਲ, ਧਰਤੀ ਮਾਂ ਹੋਵੇ ਖੁਸ਼ਹਾਲ ਥੀਮ ਵਾਤਾਵਰਨ ਦੀ ਸੰਭਾਲ ਦੇ ਉਦੇਸ਼ ਨਾਲ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸਮੇਂ ਸਥਿਰ ਖੇਤੀ ਅਤੇ ਉਤਪਾਦਨ ਦੇ ਸੁਮੇਲ ਨੂੰ ਅੱਗੇ ਵਧਾਉਣਾ ਯੂਨੀਵਰਸਿਟੀ ਦੀ ਖੋਜ ਦਾ ਮੰਤਵ ਹੈ। ਯੂਨੀਵਰਸਿਟੀ ਕਿਸਾਨਾਂ ਤੋਂ ਮਿਲੀਆਂ ਰਾਵਾਂ ਦੇ ਆਧਾਰ ਤੇ ਆਪਣੀਆਂ ਖੋਜਾਂ ਨੂੰ ਨਿਰਧਾਰਤ ਕਰਦੀ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਝੋਨੇ ਦੀ ਤਰ-ਵਤਰ ਬਿਜਾਈ ਲਈ ਪਿਛਲੇ ਸਾਲ ਕੁਝ ਕੋਸ਼ਿਸ਼ਾਂ ਹੋਈਆਂ ਸਨ। ਇਸ ਵਾਰ ਇਹ ਬਿਜਾਈ ਰਿਕਾਰਡ ਪੱਧਰ ਤੇ ਕਿਸਾਨਾਂ ਨੇ ਅਪਨਾਈ ਹੈ। ਉਹਨਾਂ ਪਰਾਲੀ ਦੀ ਸੰਭਾਲ ਲਈ ਯੂਨੀਵਰਸਿਟੀ ਦੀਆਂ ਕੋਸ਼ਿਸ਼ਾਂ ਅਤੇ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀ ਮਸ਼ੀਨਰੀ ਦਾ ਜ਼ਿਕਰ ਕੀਤਾ। ਖੇਤੀ ਵਿਭਿੰਨਤਾ ਲਈ ਬਾਗਬਾਨੀ ਦੇ ਖੇਤਰ ਵਿੱਚ ਹੋਰ ਕਾਰਜ ਦੀ ਸੰਭਾਵਨਾ ਦਾ ਜ਼ਿਕਰ ਕਰਦਿਆਂ ਸ੍ਰੀ ਤਿਵਾੜੀ ਨੇ ਭਰੋਸਾ ਪ੍ਰਗਟਾਇਆ ਕਿ ਯੂਨੀਵਰਸਿਟੀ ਮਾਹਿਰ ਲਗਤਾਰ ਕਿਸਾਨੀ ਦੀ ਬਿਹਤਰੀ ਲਈ ਯਤਨਸ਼ੀਲ ਹਨ।
ਇਸ ਮੌਕੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਉਹਨਾਂ ਦੀ ਯੂਨੀਵਰਸਿਟੀ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਆਮਦਨੀ ਅਤੇ ਪੋਸ਼ਣ ਵੱਲ ਯੂਨੀਵਰਸਿਟੀ ਦਾ ਵਿਸ਼ੇਸ਼ ਤੌਰ ਤੇ ਧਿਆਨ ਹੈ। ਉਹਨਾਂ ਨੇ ਮੱਝਾਂ ਅਤੇ ਗਾਵਾਂ ਦੀ ਨਸਲ ਸੁਧਾਰ ਲਈ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ। ਡਾ. ਇੰਦਰਜੀਤ ਸਿੰਘ ਨੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵੱਲੋਂ ਵੈਟਨਰੀ ਸਿੱਖਿਆ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਡੇਅਰੀ ਕਾਰੋਬਾਰ ਵਿੱਚ ਵਾਧੇ ਦੀਆਂ ਅਨੇਕ ਯੋਜਨਾਵਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਯੂਨੀਵਰਸਿਟੀ ਸਿਰਤੋੜ ਕੋਸ਼ਿਸ਼ ਕਰ ਰਹੀ ਹੈ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਸੁਰੇਸ਼ ਕੁਮਾਰ ਆਈ ਏ ਐੱਸ, ਮੁੱਖ ਪਿ੍ਰੰਸੀਪਲ ਸਕੱਤਰ, ਮੁਖ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੇਲੇ ਦੇ ਆਰੰਭਕ ਸੈਸ਼ਨ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਸਵਾਗਤ ਦੇ ਸ਼ਬਦ ਕਹੇ । ਉਹਨਾਂ ਕਿਹਾ ਕਿ ਗੁਰੂ ਅੰਗਦ ਦੇਵ ਯੂਨੀਵਰਸਿਟੀ ਨੂੰ ਇਸ ਮੇਲੇ ਵਿੱਚ ਸਾਂਝੀਦਾਰ ਬਣਾਇਆ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਖੇਤੀ ਅਤੇ ਸਹਿਯੋਗੀ ਧੰਦਿਆਂ ਦੀ ਜਾਣਕਾਰੀ ਮਿਲ ਸਕੇ । ਉਹਨਾਂ ਦੱਸਿਆ ਕਿ ਸਤੰਬਰ 2020 ਵਿੱਚ ਪੀ.ਏ.ਯੂ. ਨੇ ਹੀ ਭਾਰਤ ਦਾ ਪਹਿਲਾ ਵਰਚੁਅਲ ਕਿਸਾਨ ਮੇਲਾ ਆਯੋਜਿਤ ਕੀਤਾ ਸੀ । ਉਸ ਤੋਂ ਬਾਅਦ ਅਨੇਕਾਂ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨੇ ਅਜਿਹੀ ਕੋਸ਼ਿਸ਼ ਕੀਤੀ ਹੈ । ਡਾ. ਮਾਹਲ ਨੇ ਇਸ ਵਰਚੁਅਲ ਮੇਲੇ ਦੀ ਰੂਪਰੇਖਾ ਸਾਂਝੀ ਕਰਦਿਆਂ ਕਿਹਾ ਕਿ ਮੇਲੇ ਵਿੱਚ ਕਿਸਾਨਾਂ ਦੀ ਸਫਲਤਾ ਦੀਆਂ ਕਹਾਣੀਆਂ ਵੀਡੀਓ ਦੀ ਮਾਰਫਤ ਪੇਸ਼ ਕੀਤੀਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆ ਬਾਰੇ ਪੈਨਲ ਵਿਚਾਰ-ਚਰਚਾਵਾਂ ਵੀ ਦੋ ਦਿਨ ਲਗਾਤਾਰ ਜਾਰੀ ਰਹਿਣਗੀਆਂ ।
ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਆਰੰਭਕ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਪੰਜਾਬ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਇਹ ਮੇਲੇ ਯੂਨੀਵਰਸਿਟੀ ਦੀ ਖੋਜ ਵਿਉਂਤਣ ਲਈ ਅਹਿਮ ਭੂਮਿਕਾ ਅਦਾ ਕਰਦੇ ਹਨ ।
ਆਰੰਭਕ ਸੈਸ਼ਨ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਮੇਲੇ ਦੇ ਪਹਿਲੇ ਦਿਨ ਵਿਚਾਰ-ਚਰਚਾਵਾਂ ਦੇ ਦੋ ਸੈਸ਼ਨ ਹੋਏ। ਪਹਿਲੇ ਸੈਸ਼ਨ ਵਿੱਚ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਬਾਰੇ ਮਾਹਿਰਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਦੂਜੇ ਸੈਸ਼ਨ ਵਿੱਚ ਬਾਗਬਾਨੀ ਅਤੇ ਖੇਤੀ ਜੰਗਲਾਤ ਦੀ ਸੰਭਾਵਨਾਵਾਂ ਬਾਰੇ ਵਿਚਾਰ ਕੀਤੀ ਗਈ। ਕੱਲ ਮੇਲੇ ਦੇ ਦੂਸਰੇ ਦਿਨ ਤਿੰਨ ਵਿਚਾਰ ਚਰਚਾ ਸੈਸ਼ਨ ਹੋਣਗੇ ਜਿਨਾਂ ਵਿੱਚ ਕੁਦਰਤੀ ਸਰੋਤਾਂ, ਸਹਾਇਕ ਧੰਦਿਆਂ ਅਤੇ ਪਸ਼ੂ ਧਨ ਬਾਰੇ ਅਤੇ ਇਸ ਤੋਂ ਇਲਾਵਾ ਪ੍ਰੋਸੈਸਿੰਗ, ਮੁੱਲ ਵਾਧਾ ਅਤੇ ਕਿਸਾਨ ਨਿਰਮਾਤਾ ਸੰਗਠਨਾਂ ਸੰਬੰਧੀ ਚਰਚਾ ਕਰਵਾਈ ਜਾਵੇਗੀ।