ਅੰਮ੍ਰਿਤਸਰ -ਕੋਰੋਨਾ ਵਿਰੁੱਧ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਨੂੰ ਸਮਾਜ ਦੇ ਜਾਗਰੂਕ ਵਰਗ ਨੇ ਨਾ ਕੇਵਲ ਸਹਿਮਤੀ ਦੇ ਦਿੱਤੀ ਹੈ, ਬਲਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੇਂ ਸਿਰ ਲਏ ਇਸ ਸਖਤ ਸਟੈਂਡ ਦੀ ਪ੍ਰਸੰਸਾ ਵੀ ਕੀਤੀ ਹੈ। ਕਰਫਿਊ ਦੇ ਦਿਨਾਂ ਵਿਚ ਸਾਰੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸਦੇ ਚੱਲਦੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ, ਸਿਵਲ ਦੇ ਕਰਮਚਾਰੀਆਂ, ਪੱਤਰਕਾਰਾਂ ਅਤੇ ਹੋਰ ਲੋਕਾਂ ਨੂੰ ਬਾਜ਼ਾਰ ਵਿਚੋਂ ਚਾਹ ਤੱਕ ਵੀ ਨਹੀਂ ਮਿਲਦੀ। ਇਸੇ ਤਰਾਂ ਉਹ ਲੋਕ ਜੋ ਰੋਜ਼ਾਨਾ ਦਿਹਾੜੀ ਕਰਕੇ ਆਪਣਾ ਪੇਟ ਪਾਲਦੇ ਹਨ, ਉਨਾਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਹਲਾਤ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਲੋੜਵੰਦਾਂ ਨੂੰ ਰਾਹ-ਰਸਤੇ ਲੰਗਰ ਖਵਾਉਣ ਦੀ ਪਹਿਲ ਕੀਤੀ ਗਈ ਹੈ, ਉਥੇ ਇੰਨਾਂ ਵੱਲੋਂ ਡਿਊਟੀ ਕਰ ਰਹੇ ਪੱਤਰਕਾਰਾਂ, ਪੁਲਿਸ ਮੁਲਾਜ਼ਮਾਂ ਤੇ ਸਿਵਲ ਦੇ ਕਰਮਚਾਰੀਆਂ ਨੂੰ ਵੀ ਲੰਗਰ ਛਕਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨਾਂ ਵੱਲੋਂ ਗਰੀਬ, ਮਜ਼ਦੂਰਾਂ, ਦਿਹਾੜੀਦਾਰ ਕਾਮਿਆਂ ਦੇ ਪਰਿਵਾਰਾਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਲੰਗਰ ਤੋਂ ਸੇਵਾਦਾਰ ਵਿਸ਼ੇਸ਼ ਗੱਡੀਆਂ ਵਿਚ ਲੰਗਰ ਤਿਆਰ ਕਰਕੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਹਵਾਈ ਅੱਡਾ ਰੋਡ, ਯੂਨੀਵਰਸਿਟੀ ਦੇ ਇਲਾਕੇ, ਪੁਤਲੀਘਰ, ਬਾਈਪਾਸ ਆਦਿ ਵਿਚ ਲੰਗਰ ਛਕਾਉਂਦੇ ਵੇਖੇ ਗਏ।
ਇਸ ਤੋਂ ਇਲਵਾ ਜ਼ਿਲ•ੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਆਪਣੇ ਪੱਧਰ ਉਤੇ ਮੈਦਾਨ ਵਿਚ ਡਟੀਆਂ ਹਨ। ਇਨਾਂ ਵੱਲੋਂ ਪ੍ਰਸ਼ਾਸ਼ਨ ਕੋਲੋਂ ਕਰਫਿਊ ਪਾਸ ਲੈ ਕੇ ਸੁੱਕਾ ਰਾਸ਼ਨ ਲੋੜਵੰਦ ਲੋਕਾਂ ਦੇ ਘਰਾਂ ਵਿਚ ਪੁਜਦਾ ਕੀਤਾ ਜਾ ਰਿਹਾ ਹੈ। ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਪੰਜਾਬ ਨੇ ਆਪਣੇ ਮੈਂਬਰਾਂ ਨੂੰ ਨਾਲ ਲੈ ਕੇ ਸ਼ਹਿਰ ਵਿਚ ਲੋੜਵੰਦਾਂ ਤੱਕ ਲੰਗਰ ਖਵਾਉਣ ਦੀ ਸੇਵਾ ਕੀਤੀ। ਜੰਡਿਆਲਾ ਗੁਰੂ ਤੋਂ ਪ੍ਰੈਸ ਰਿਪੋਰਟਰਾਂ ਵੱਲੋਂ ਬਣਾਈ ਗਈ ਲੋਕ ਭਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਜੋਸਨ ਨੇ ਵੀ ਦੱਸਿਆ ਕਿ ਸੁਸਇਟੀ ਵੱਲੋਂ ਸ਼ਹਿਰ ਦੇ ਲੋੜਵੰਦ ਲੋਕਾਂ ਲਈ ਰਾਸ਼ਨ ਦੇ ਪੈਕਟ ਤਿਆਰ ਕਰਵਾਏ ਜਾ ਰਹੇ ਹਨ। ਬੀਤੀ ਸ਼ਾਮ ਪੰਜਾਬ ਕੇਸਰੀ ਦੇ ਪੱਤਰਕਾਰ ਸ੍ਰੀ ਨੀਰਜ਼ ਸ਼ਰਮਾ ਨੇ ਵੀ ਲੋੜਵੰਦਾਂ ਤੱਕ ਰਾਸ਼ਨ ਪੁੱਜਦਾ ਕਰਨ ਲਈ ਆਪਣੇ ਆਪ ਨੂੰ ਵਲੰਟੀਅਰ ਦੇ ਤੌਰ ਉਤੇ ਪੇਸ਼ ਕਰਦੇ ਕਿਹਾ ਕਿ ਮੈਂ ਪ੍ਰਸ਼ਾਸਨ ਦੀ ਮਦਦ ਲਈ ਕਿਸੇ ਵੀ ਇਲਾਕੇ ਵਿਚ ਰਾਸ਼ਨ ਦੀ ਸਪਲਾਈ ਕਰਨ ਲਈ ਤਿਆਰ ਹਾਂ। ਮਾਨਵਤਾ ਉਤੇ ਆਏ ਸੰਕਟ ਦੀ ਘੜੀ ਅਜਿਹੀਆਂ ਸੰਸਥਾਵਾਂ ਅਤੇ ਵਿਅਕਤੀ ਜਿਸ ਤਰਾਂ ਸਮਾਜ ਦੀ ਮਦਦ ਲਈ ਨਿਕਲ ਆਏ ਹਨ, ਉਸ ਤੋਂ ਆਸ ਦੀ ਕਿਰਨ ਜ਼ਰੂਰ ਪੈਦਾ ਹੋਈ ਹੈ। ਦੁੱਖ ਵਿਚ ਇਸ ਤਰਾਂ ਦਾ ਸਾਥ ਦੇਣ ਦੀ ਹਿੰਮਤ ਵਿਖਾ ਕੇ ਸਾਡੇ ਸ਼ਹਿਰ ਦੇ ਇੰਨਾਂ ਮਾਣਮੱਤੇ ਲੋਕਾਂ ਨੇ ਸਿਧ ਕਰ ਦਿੱਤਾ ਕਿ ਮਾਨਵਤਾ ਤੋਂ ਉਪਰ ਕੁੱਝ ਨਹੀਂ।