ਅਵਤਾਰ ਸਿੰਘ
ਭਾਰਤ ਵਿੱਚ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 562 ਹੋ ਗਈ ਹੈ। ਇਨ੍ਹਾਂ ਵਿੱਚੋਂ ਇਸ ਵੇਲੇ 512 ਲੋਕ ਇਨਫੈਕਟਿਡ ਹੋਣ ਦੀਆਂ ਰਿਪੋਰਟਾਂ ਹਨ। 40 ਲੋਕ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਨੇ ਮਰਨ ਵਾਲਿਆਂ ਦੀ ਗਿਣਤੀ 10 ਤੋਂ ਘਟਾ ਕੇ 9 ਕਰ ਦਿੱਤੀਂ ਹੈ। ਮੰਤਰਾਲੇ ਨੇ ਕਿਹਾ ਹੈ ਕਿ ਦਿੱਲੀ ਵਿੱਚ ਮੰਗਲਵਾਰ ਨੂੰ ਜਿਸ ਦਸਵੇਂ ਵਿਅਕਤੀ ਦੀ ਮੌਤ ਹੋਈ ਸੀ ਉਸ ਦਾ ਕੋਰੋਨਾਇਰਸ ਦਾ ਟੈਸਟ ਨੈਗੇਟਿਵ ਮਿਲਿਆ ਹੈ।
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਾਰਨ 20000 ਲੋਕਾਂ ਦੀ ਮੌਤ ਹੋ ਗਈ ਤੇ 4.20 ਲੱਖ ਪ੍ਰਭਾਵਿਤ ਦਸੇ ਜਾਂਦੇ ਹਨ। ਸਭ ਤੋਂ ਵੱਧ ਲੋਕਾਂ ਦੀ ਮੌਤ ਇਟਲੀ ਵਿੱਚ 6820 ਲੋਕਾਂ ਦੀ ਹੋਈ ਹੈ। ਚੀਨ ਦੇ ਹੂਬੇ ਵਿੱਚ 3160, ਸਪੇਨ ਵਿੱਚ 2808, ਫਰਾਂਸ ‘ਚ 1100, ਅਮਰੀਕਾ ‘ਚ 775 ਅਤੇ ਬ੍ਰਿਟੇਨ ਵਿੱਚ 422 ਲੋਕਾਂ ਦੀ ਮੌਤ ਦੀਆਂ ਰਿਪੋਰਟਾਂ ਹਨ।
ਰਿਪੋਰਟਾਂ ਮੁਤਾਬਿਕ ਕੋਰੋਨਾਵਾਇਰਸ ਦੇ ਸਭ ਤੋਂ ਵਧੇਰੇ ਮਰੀਜ਼ 81591 ਚੀਨ ਵਿੱਚ ਹਨ। ਇਸ ਤੋਂ ਬਾਅਦ ਇਟਲੀ ਵਿੱਚ 69176, ਅਮਰੀਕਾ ਵਿੱਚ 53740 ਅਤੇ ਸਪੇਨ ‘ਚ 39885 ਕੇਸ ਹਨ।
ਕੋਰੋਨਾਵਾਇਰਸ ਦੇ ਵਧ ਰਹੇ ਡਰ ਕਾਰਨ ਕੁਦਰਤੀ ਮੌਤ ਕਾਰਨ ਫੌਤ ਹੋਏ ਲੋਕਾਂ ਦੇ ਜਨਾਜੇ/ਆਖਰੀ ਮਜਲ ਵਿੱਚ ਵੀ ਜਾਣ ਤੋਂ ਵੀ ਘਬਰਾ ਰਹੇ ਹਨ। ਅੰਤਿਮ ਸੰਸਕਾਰਾਂ ਲਈ ਸ਼ਮਸ਼ਾਨਘਾਟਾਂ ਵਿੱਚ ਕੇਵਲ ਮ੍ਰਿਤਕ ਦੇ ਸੀਮਤ ਪਰਿਵਾਰ ਮੈਂਬਰ ਹੀ ਜਾ ਰਹੇ ਹਨ। ਅੰਤਿਮ ਰਸਮਾਂ ਭੋਗਾਂ/ਕਿਰਿਆ ਵਿੱਚ ਸ਼ਾਮਿਲ ਹੋਣ ਲਈ ਸਕੇ ਸੰਬੰਧੀਆਂ ਨੂੰ ਮਨ੍ਹਾਂ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਰਿਪੋਰਟਾਂ ਮੁਤਾਬਿਕ ਪੰਜਾਬ ਦੇ ਮਾਲਵਾ ਖੇਤਰ ਦੇ ਇਕ ਪਿੰਡ ਵਿਚ ਵੀ ਇਸੇ ਤਰ੍ਹਾਂ ਵਾਪਰਿਆ। ਕੋਟਫੱਤਾ ਨੇੜਲੇ ਪਿੰਡ ਕੋਟਭਾਰਾ ਵਿੱਚ ਪਤੀ-ਪਤਨੀ ਵਿਚਕਾਰ ਹੋਏ ਝਗੜੇ ਵਿੱਚ ਕੁਝ ਦਿਨ ਪਹਿਲਾਂ ਪਤੀ ਨੇ ਪਤਨੀ ਨੂੰ ਤੇਜ਼ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਸੀ। ਮਹਿਲਾ ਨੂੰ ਗੁਆਂਢੀਆਂ ਵਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ। 15 ਦਿਨਾਂ ਬਾਅਦ ਉਸ ਨੇ ਦਮ ਤੋੜ ਦਿੱਤਾ। ਕੋਰੋਨਾਵਾਇਰਸ ਦੇ ਖੌ਼ਫ਼ ਕਾਰਨ ਮਿ੍ਤਕਾ ਦੇ ਅੰਤਿਮ ਸੰਸਕਾਰ ਮੌਕੇ ਸਿਰਫ਼ ਸੱਤ ਜਣੇ ਹੀ ਪਹੁੰਚੇ।
ਰਿਪੋਰਟਾਂ ਅਨੁਸਾਰ ਥਾਣਾ ਕੋਟਫੱਤਾ ਦੇ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਮਾਹਲ ਦਾ ਕਹਿਣਾ ਹੈ ਕਿ ਕਰਮਜੀਤ ਕੌਰ ਪੁੱਤਰੀ ਗੁਰਮੇਲ ਸਿੰਘ ਪਿੰਡ ਭਾਗੀਵਾਂਦਰ ਦਾ ਵਿਆਹ 18 ਸਾਲ ਪਹਿਲਾਂ ਬਲਜੀਤ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਕੋਟਭਾਰਾ ਨਾਲ ਹੋਇਆ ਸੀ। 6 ਮਾਰਚ ਨੂੰ ਉਨ੍ਹਾਂ ਦੀ ਘਰੇਲੂ ਲੜਾਈ ਵਿੱਚ ਕਰਮਜੀਤ ਕੌਰ ਨੂੰ ਉਸ ਦੇ ਪਤੀ ਨੇ ਗੰਭੀਰ ਸੱਟਾਂ ਮਾਰੀਆਂ ਜਿਸਦੀ ਤਾਬ ਨਾ ਝੱਲਦੇ ਹੋਏ 24 ਮਾਰਚ ਨੂੰ ਦਮ ਤੋੜ ਗਈ। ਪੁਲਿਸ ਨੇ ਬਲਜੀਤ ਸਿੰਘ ਵਾਸੀ ਕੋਟਫੱਤਾ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ। ਕਰਮਜੀਤ ਕੌਰ ਦਾ ਸਸਕਾਰ ਕਰਮਜੀਤ ਕੌਰ ਦੇ ਪੇਕੇ ਪਿੰਡ ਭਾਗੀਵਾਂਦਰ ਕੀਤਾ ਗਿਆ। ਸਸਕਾਰ ਸਮੇਂ ਕਰੋਨਾ ਵਾਇਰਸ ਅਤੇ ਕਰਫਿਊ ਦੇ ਮੱਦੇਨਜ਼ਰ ਸਰਪੰਚ ਬਲਕਰਨ ਸਿੰਘ ਭਾਗੀਵਾਂਦਰ ਦੀ ਨਿਗਰਾਨੀ ਹੇਠ ਸਿਰਫ਼ 7 ਆਦਮੀ ਹੀ ਹਾਜ਼ਰ ਹੋਏ। ਸੋਗ ਸਮੇਂ ਦਾ ਇਹ ਦ੍ਰਿਸ਼ ਦੇਖ ਕੇ ਆਸ-ਪਾਸ ਦੇ ਲੋਕ ਗੱਲਾਂ ਕਰਦੇ ਸੁਣੇ ਗਏ ਕਿ ਕੋਰੋਨਾਵਾਇਰਸ ਦੇ ਖੌਫ ਨੇ ਇਨ੍ਹਾਂ ਮੌਕਿਆਂ ‘ਤੇ ਵੀ ਲੋਕਾਂ ਨੂੰ ਵਰਜ ਦਿੱਤਾ ਹੈ।