ਦੁਪਹਿਰ ਦੀ ਸੈਰ ਦੌਰਾਨ ਦੋ ਸਿੱਖ ਬਜ਼ੁਰਗਾਂ ‘ਤੇ ਜਾਨਲੇਵਾ ਹਮਲੇ ਦੇ 10 ਸਾਲ ਬਾਅਦ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਐਲਕ ਗ੍ਰੋਵ ਨੇ ਆਪਣਾ 100ਵਾਂ ਪਾਰਕ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਰ ਦਿੱਤਾ ਹੈ।
ਸ਼ਹਿਰ ਦੇ ਲਗੁਨਾ ਰਿਜ ਖੇਤਰ ਵਿੱਚ ਪੋਂਟਾ ਡੇਲਗਦਾ ਡਰਾਈਵ ਤੇ ਇਹ ਪਾਰਕ ਉਨ੍ਹਾਂ ਦੋ ਸਿੱਖ ਬਜ਼ੁਰਗਾਂ ਸੁਰਿੰਦਰ ਸਿੰਘ (65) ਤੇ ਗੁਰਮੇਜ ਸਿੰਘ ਅਟਵਾਲ (78) ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਜਿਨ੍ਹਾਂ ਨੂੰ ਬਿਨਾ ਵਜ੍ਹਾ 4 ਮਾਰਚ, 2011 ਨੂੰ ਘਾਤ ਲਾ ਕੇ ਕੀਤੇ ਹਮਲੇ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਗਵਾਹਾਂ ਨੇ ਦੱਸਿਆ ਕਿ ਦੋਵੇਂ ਸਿੱਖ ਬਜ਼ੁਰਗਾਂ ਦਾ ਕਾਤਲ ਸੁਨਹਿਰੀ ਰੰਗੇ ਪਿੱਕਅਪ ਟਰੱਕ ’ਚ ਆਇਆ ਸੀ ਤੇ ਉਸ ਨੇ ਪਹਿਲਾਂ ਦੋਵਾਂ ਨੂੰ ਇੱਕ ਪਾਸੇ ਘੜੀਸਿਆ ਤੇ ਫਿਰ ਸੈਮੀ ਆਟੋਮੈਟਿਕ ਹੈਂਡਗੰਨ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿਤਾ ਸੀ। ਉਹ ਕਾਤਲ ਹਾਲੇ ਤੱਕ ਫੜਿਆ ਨਹੀਂ ਗਿਆ। ਪਾਰਕ ਦੇ ਸਮਰਪਣ ‘ਤੇ ਸ਼ਹਿਰ ਦੁਆਰਾ ਤਿਆਰ ਕੀਤੇ ਇਕ ਵੀਡੀਓ ਵਿਚ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ-ਐਲਨ ਸਿੱਧੇ ਤੌਰ’ ਤੇ ਮੇਅਰ ਚੁਣੇ ਜਾਣ ਵਾਲੇ ਦੇਸ਼ ਦੀ ਪਹਿਲੀ ਸਿੱਖ ਔਰਤ ਹਨ।ਉਸਨੇ ਕਿਹਾ ਕਿ ਨਿਸ਼ਚਤ ਤੌਰ ’ਤੇ ਇਹ ਇੱਕ ਵੱਡਾ ਦੁਖਾਂਤ ਸੀ। ਦੋਵੇਂ ਸਿੱਖ ਬਜ਼ੁਰਗ ਬਹੁਤ ਸ਼ਾਂਤੀਪੂਰਬਕ ਆਪਣੇ ਰਾਹੇ ਤੁਰੇ ਜਾ ਰਹੇ ਸਨ।
ਬੀਤੇ ਮਾਰਚ ਮਹੀਨੇ ਐਲਕ ਗ੍ਰੋਵ ਦੇ ਸਿਟੀ ਹਾਲ ’ਚ ਬੌਬੀ ਸਿੰਘ-ਐਲਨ ਅਤੇ ਹੋਰ ਕਈ ਸਥਾਨਕ ਆਗੂਆਂ ਨੇ ਸੁਰਿੰਦਰ ਸਿੰਘ ਤੇ ਗੁਰਮੇਜ ਸਿੰਘ ਅਟਵਾਲ ਦੀ ਯਾਦ ਵਿੱਚ ਪਾਰਕ ਦਾ ਨਾਂਅ ਰੱਖਣ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਹੀ ਨਗਰ ਕੌਂਸਲ ਨੇ ਇਨ੍ਹਾਂ ਦੋਵੇਂ ਕਤਲਾਂ ਦੀ ਨਿੰਦਾ ਦਾ ਮਤਾ ਪਾਸ ਕੀਤਾ ਸੀ।