ਕੈਪਟਨ ਅਮਰਿੰਦਰ ਸਿੰਘ ਨੇ ਜੀ.ਐਸ.ਟੀ. ਦੇ ਬਕਾਏ ਤੁਰੰਤ ਜਾਰੀ ਕਰਨ ਸਬੰਧੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

TeamGlobalPunjab
2 Min Read

ਚੰਡੀਗੜ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ 2 ਅਕਤੂਬਰ, 2019 ਤੋਂ ਜੀ.ਐਸ.ਟੀ. ਦੇ ਬਕਾਇਆ ਪਏ 6752.83 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।
ਉਹਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ -19 ਦੇ ਸੰਕਟ ਕਾਰਨ ਪੈਦਾ ਹੋਈ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਇਹ ਬਕਾਏ ਪਹਿਲ ਦੇ ਅਧਾਰ ‘ਤੇ ਜਾਰੀ ਕਰਨ ਲਈ ਕੇਂਦਰੀ ਵਿੱਤ ਮੰਤਰਾਲੇ ਨੂੰ ਨਿਰਦੇਸ਼ ਦੇਣ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ, ਜਿੱਥੇ ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਕੋਵਿਡ -19 ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉਥੇ ਇਸ ਬਕਾਏ ਨੂੰ ਜਾਰੀ ਕਰਨ ਨਾਲ ਪੰਜਾਬ ਨੂੰ ਵੱਡੀ ਰਾਹਤ ਮਿਲੇਗੀ।
ਉਨਾਂ ਕਿਹਾ ਕਿ ਮੁਆਵਜ਼ੇ ਦੇ 6752.83 ਕਰੋੜ ਰੁਪਏ ਦੇ ਬਕਾਏ ਜਾਰੀ ਕਰਨਾ ਇਸ ਬਿਪਤਾ ਦੇ ਪ੍ਰਭਾਵ ਨੂੰ ਘਟਾਉਣ ਦੇ ਨਾਲ-ਨਾਲ ਗਰੀਬਾਂ ਅਤੇ ਲੋੜਵੰਦਾਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰਨ ਵਿੱਚ ਪੰਜਾਬ ਸਰਕਾਰ ਲਈ ਸਹਾਈ ਹੋਵੇਗਾ।
ਇਸ ਆਫ਼ਤ ਦੇ ਅਸਰ ਨੂੰ ਘਟਾਉਣ ਲਈ ਕੇਂਦਰ ਸਰਕਾਰ ਦੇ ਯਤਨਾਂ ਦੀ ਹਮਾਇਤ ਕਰਦਿਆਂ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਟੈਕਸਾਂ ਨੂੰ ਮੁਲਤਵੀ ਕਰਨਾ ਅਤੇ ਕਾਰਜਪ੍ਰਣਾਲੀ ਜ਼ਿੰਮੇਵਾਰੀਆਂ ਵਿਚ ਢਿੱਲ ਦੇਣਾ ਵਪਾਰ ਅਤੇ ਉਦਯੋਗ ਨੂੰ ਮੋਹਲਤ ਦੇਣ ਦੇ ਨਾਲ-ਨਾਲ ਕੁਝ ਹੱਦ ਤੱਕ ਆਮ ਆਦਮੀ ’ਤੇ ਬੋਝ ਨੂੰ ਵੀ ਘਟਾਏਗਾ।

Share this Article
Leave a comment