ਬੇਸ਼ੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਿਲਟਰੀ ਟਾਈਪਸ ਹਥਿਆਰਾਂ ‘ਤੇ ਪਾਬੰਦੀ ਲਗਾਈ ਗਈ ਸੀ ਤੇ ਲਾਕਡਾਊਨ ਵੀ ਲਾਗੂ ਹੈ। ਅਮਰੀਕਾ-ਕੈਨੇਡਾ ਸਰਹੱਦ ਵੀ ਗ਼ੈਰ-ਜ਼ਰੂਰੀ ਆਵਾਜਾਈ ਲਈ ਬੰਦ ਕੀਤੀ ਗਈ ਹੈ। ਪਰ ਇਸਦੇ ਬਾਵਜੂਦ ਵੀ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੀਤੀ ਰਾਤ ਟੋਰਾਂਟੋ ਦੀ ਜੇਨ ਤੇ ਫਿੰਚ ਸਟਰੀਟਸ ਨੇੜੇ ਦੋ ਲੜਕਿਆਂ ਨੂੰ ਗੋਲੀ ਮਾਰ ਦਿੱਤੀ ਗਈ। ਮੰਗਲਵਾਰ ਰਾਤ ਗੋਲੀ ਚੱਲਣ ਦੀ ਰਿਪੋਰਟ ਤੋਂ ਬਾਅਦ 10:45 ਵਜੇ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ। ਦੋਵਾਂ ਲੜਕਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਉਮਰ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਅਜੇ ਤੱਕ ਕਿਸੇ ਮਸ਼ਕੂਕ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।