ਕੈਨੇਡਾ ‘ਚ ਵਰਕਰਾਂ ਦੀ ਘਾਟ, ਖਾਲੀ ਪਈਆਂ 5 ਲੱਖ ਨੌਕਰੀਆਂ ਜਿਨ੍ਹਾਂ ‘ਚੋਂ 80 ਫੀਸਦੀ ਪੱਕੀਆ

TeamGlobalPunjab
2 Min Read

ਟੋਰਾਂਟੋ : ਕੈਨੇਡਾ ਵਿਖੇ ਸਾਲ 2019 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਕੈਨੇਡਾ ‘ਚ ਕਾਮਿਆਂ ਦੀ ਘਾਟ ਪਾਈ ਗਈ ਹੈ, ਸਟੈਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਹਿਲੀ ਤਿਮਾਹੀ ਦੌਰਾਨ ਪੰਜ ਲੱਖ ਤੋਂ ਜ਼ਿਆਦਾ ਨੌਕਰੀਆਂ ਖਾਲੀ ਰਹਿ ਗਈਆਂ। ਸੀ.ਆਈ.ਸੀ. ਵੱਲੋਂ ਜਾਰੀ ਕੀਤੀ ਰਿਪੋਰਟ ਦੇ ਮੁਤਾਬਕ ਰੁਜਗਾਰ ਦੇਣ ਵਾਲਿਆਂ ਨੂੰ ਜਨਵਰੀ, ਫਰਵਰੀ ਅਤੇ ਮਾਰਚ ਦੌਰਾਨ 5 ਲੱਖ 6 ਹਜ਼ਾਰ ਖਾਲੀ ਪਈਆਂ ਨੌਕਰੀਆਂ ਲਈ ਕਾਮੇ ਨਹੀਂ ਮਿਲੇ ਇਨ੍ਹਾਂ ‘ਚੋਂ 80 ਫੀਸਦੀ ਨੌਕਰੀਆਂ ਪੱਕੀਆ ਸਨ।

ਕਿਊਬਿਕ, ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਵਿਚ ਕਾਮਿਆਂ ਦੀ ਸਭ ਤੋਂ ਜ਼ਿਆਦਾ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਹੈਲਥ ਕੇਅਰ, ਸਮਾਜਿਕ ਸਹਾਇਤਾ, ਨਿਰਮਾਣ ਅਤੇ ਫੂਡ ਸਰਵਿਸਿਜ਼ ਦੇ ਖੇਤਰਾਂ ਵਿਚ ਕਿਰਤੀਆਂ ਦੀ ਸਭ ਤੋਂ ਜ਼ਿਆਦਾ ਕਮੀ ਦਰਜ ਕੀਤੀ ਗਈ ਹੈ।

ਦੂਜੇ ਪਾਸੇ ਕਿਊਬਿਕ ਦੇ ਲਾਅ ਮੋਰਿਸ ਅਤੇ ਲੌਰਨਟਾਈਡਜ਼ ਖਿੱਤਿਆਂ ਵਿਚ ਰੁਜ਼ਗਾਰ ਦੇ ਸਭ ਤੋਂ ਵਧੇਰੇ ਮੌਕੇ ਪੈਦਾ ਹੋਣ ਦਾ ਰਿਕਾਰਡ ਬਣਿਆ। ਲਾਅ ਮੌਰਿਸ ਵਿਖੇ ਸਾਲਾਨਾ ਆਧਾਰ ‘ਤੇ ਰੁਜ਼ਗਾਰ ਦੇ ਮੌਕਿਆਂ ਵਿਚ 89.4 ਫੀਸਦੀ ਵਾਧਾ ਹੋਇਆ, ਜਦੋਂ ਕਿ ਲੌਰਨਟਾਈਡਜ਼ ਵਿਖੇ 57 ਫੀਸਦੀ ਵਾਧਾ ਦਰਜ ਕੀਤਾ ਗਿਆ। ਓਨਟਾਰੀਓ ਵਿਚ ਕਾਮਿਆਂ ਦੀ ਘਾਟ ਨਾਲ ਖਾਲੀ ਰਹਿ ਗਈਆਂ ਅਸਾਮੀਆਂ ਦੀ ਗਿਣਤੀ ਵਿਚ ਸਾਲਾਨਾ ਆਧਾਰ ‘ਤੇ 12,400 ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਵਿਚ ਇਹ ਅੰਕੜਾ 9300 ਦੇ ਨੇੜੇ ਰਿਹਾ।

2019 ਦੀ ਪਹਿਲੀ ਤਿਮਾਹੀ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿਚ 4.4 ਫੀਸਦੀ ਅਸਾਮੀਆਂ ਖਾਲੀ ਪਈਆਂ ਸਨ, ਜੋ ਕੈਨੇਡਾ ਵਿਚ ਸਭ ਤੋਂ ਉੱਚਾ ਅੰਕੜਾ ਮੰਨਿਆ ਜਾ ਰਿਹਾ ਹੈ।

- Advertisement -

Share this Article
Leave a comment