ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਦਿੱਲੀ ਅੰਦਰ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਜਿੱਤ ਤੋਂ ਬਾਅਦ ਪੰਜਾਬ ਦੀ ਲੀਡਰਸ਼ਿੱਪ ਦੇ ਵੀ ਹੌਂਸਲੇ ਬੁਲੰਦ ਦਿਖਾਈ ਦੇ ਰਹੇ ਹਨ। ਇਸ ਦੇ ਚਲਦਿਆਂ ਅੱਜ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪੱਤਰਕਾਰ ਮਿਲਣੀ ਵਿੱਚ ਉਨ੍ਹਾਂ ਬੋਲਦਿਆਂ ਆਪਣੇ ਵਿਰੋਧੀਆਂ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਪਾਰਟੀ ਤੋਂ ਵੱਖ ਹੋ ਚੁਕੇ ਸੁਖਪਾਲ ਖਹਿਰਾ ਬਾਰੇ ਸਖਤ ਬਿਆਨੀ ਕਰਦੇ ਨਜ਼ਰ ਆਏ। ਮਾਨ ਨੇ ਕਿਹਾ ਕਿ ਜੋ ਪਹਿਲਾਂ ਕੇਜਰੀਵਾਲ ਬਾਰੇ ਅਤੇ ਉਨ੍ਹਾਂ ਬਾਰੇ ਗਲਤ ਬਿਆਨਬਾਜੀਆਂ ਕਰਦੇ ਸਨ ਅੱਜ ਉਹ ਕਿਸ ਮੂੰਹ ਨਾਲ ਪਾਰਟੀ ‘ਚ ਵਾਪਸ ਆਉਣਗੇ।
ਮਾਨ ਨੇ ਕਾਂਗਰਸ ਪਾਰਟੀ ਵਿੱਚ ਚੁੱਪੀ ਧਾਰੀ ਬੈਠੇ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਲਈ ਦਿਲੋਂ ਸਤਿਕਾਰ ਹੈ ਅਤੇ ਜਦੋਂ ਉਹ ਕ੍ਰਿਕਟ ‘ਚ ਹੁੰਦੇ ਸਨ ਤਾਂ ਜਿਉਂ ਹੀ ਸਿੱਧੂ ਆਉਟ ਹੁੰਦੇ ਤਾਂ ਉਹ ਮੈਚ ਦੇਖਣਾ ਬੰਦ ਕਰ ਦਿੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਅਜੇ ਤੱਕ ਉਨ੍ਹਾਂ ਨਾਲ ਸਾਡੀ ਕੋਈ ਆਫੀਸੀਅਲੀ ਕੋਈ ਗੱਲ ਨਹੀਂ ਹੋਈ। ਮਾਨ ਨੇ ਕਿਹਾ ਕਿ ਜੋ ਵੀ ਵਿਅਕਤੀ ਪੰਜਾਬ ਦੇ ਹਿੱਤਾਂ ਲਈ ਪਿਆਰ ਕਰਦਾ ਹੋਵੇ ਉਹ ਪਾਰਟੀ ‘ਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦਾ ਕਿਰਦਾਰ ਇਹੋ ਜਿਹਾ ਹੈ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਨੂੰ ਗਲਤ ਬੋਲਦੇ ਰਹੇ ਹਨ ਉਹ ਆਪ ਹੀ ਦੱਸ ਦੇਣ ਕਿ ਕਿਸ ਮੂੰਹ ਨਾਲ ਪਾਰਟੀ ‘ਚ ਆਉਣਗੇ।