ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤੇ ਕਿਸਾਨਾਂ ਦੀਆਂ ਹੋਰ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਮੁਲਤਵੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕਿਸਾਨ ਜਸ਼ਨ ਮਨਾਉਂਦੇ ਹੋਏ ਆਪਣੇ ਘਰਾਂ ਨੂੰ ਪਰਤ ਰਹੇ ਹਨ।ਮੌਰਚੇ ਦੌਰਾਨ ਸਾਰਿਆਂ ਨੇ ਤਨ,ਮਨ ਅਤੇ ਧਨ ਨਾਲ ਸੇਵਾ ਨਿਭਾਈ।
ਕਿਸਾਨ ਮੋਰਚੇ ’ਚ ਪਰਵਾਸੀ ਪੰਜਾਬੀ ਡਾ. ਸਵੈਮਾਨ ਸਿੰਘ ਵੱਲੋਂ ਕੀਤੀ ਗਈ ਸੇਵਾ ਦੀ ਵੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਵੈਮਾਨ ਨੇ ਆਪਣੀ ਨੌਕਰੀ ਦਾ ਸੁੱਖ-ਅਰਾਮ ਛੱਡ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਦੀ ਸੇਵਾ ਕੀਤੀ। ਉਨ੍ਹਾਂ ਉੱਥੇ ਮੁੱਢਲੀ ਡਾਕਟਰੀ ਸਹਾਇਤਾ ਤੋਂ ਵਾਂਝੇ ਕਿਸਾਨਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਤੇ ਦਵਾਈਆਂ ਦਿੱਤੀਆਂ।
ਪਰਵਾਸੀ ਫੋਰਮ ਦੇ ਬੁਲਾਰਿਆਂ ਨੇ ਕਿਹਾ ਕਿ ਡਾ. ਸਵੈਮਾਨ ਸਿੰਘ ਨੇ ਸਿੱਖੀ ਪਹਿਰਾਵੇ ਵਿੱਚ ਆਪਣਾ, ਡਾਕਟਰੀ ਕਿੱਤੇ ਦਾ ਤੇ ਪਰਵਾਸੀ ਭਾਈਚਾਰੇ ਦਾ ਨਾਂ ਹੋਰ ਵੀ ਰੋਸ਼ਨ ਕੀਤਾ ਹੈ। ਜ਼ਮੀਨੀ ਹਕੀਕਤਾਂ ਤੇ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਉਨ੍ਹਾਂ ਸੜਕ ’ਤੇ ਪੋਹ-ਮਾਘ, ਜੇਠ-ਹਾੜ੍ਹ ਦੀਆਂ ਰੁੱਤਾਂ, ਬਰਸਾਤਾਂ ਵਿੱਚ ਟੈਂਟਾਂ ’ਚ ਅਕਸਰ ਬੀਮਾਰ ਹੁੰਦੇ ਕਿਸਾਨਾਂ ਦੀ ਬਾਂਹ ਫੜ੍ਹੀ। ਉਹ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨਾਂ ਦੇ ਨਾਲ ਖੜ੍ਹੇ ਰਹੇ।