ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਹਰ ਦਿਨ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਦਿਆਂ ਕੋਈ ਨਾ ਕੋਈ ਮੁਦਾ ਉਠਾਇਆ ਜਾਂਦਾ ਹੈ। ਇਸ ਦੇ ਚਲਦਿਆਂ ਅੱਜ ਆਪ ਲੀਡਰਸ਼ਿਪ ਵਲੋਂ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲ ਪਿਛਲੇ 2 ਸਾਲਾਂ ਤੋਂ ਬਕਾਇਆ ਖੜੀ ਅਰਬਾਂ ਰੁਪਏ ਦੀ ਰਕਮ ਵਿਆਜ ਸਮੇਤ ਅਦਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਕਿਸਾਨਾਂ ਦੀ ਬਕਾਇਆ ਰਾਸ਼ੀ ਵਿਆਜ ਸਮੇਤ ਅਦਾ ਨਹੀਂ ਕੀਤੀ ਜਾਂਦੀ ਤਾਂ ਸਰਕਾਰ ਅਤੇ ਖੰਡ ਮਿੱਲਾਂ ਦੇ ਅਕਾਲੀ-ਕਾਂਗਰਸੀ ਮਾਲਕਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਆਪ ਵਿਧਾਇਕਾਂ ਨੇ ਦਸਿਆ ਕਿ ਕਿਸਾਨਾਂ ਦਾ ਕਰੀਬ 750 ਕਰੋੜ ਰੁਪਏ ਦੇ ਗੰਨੇ ਦਾ ਬਕਾਇਆ ਸਰਕਾਰ ਦੀਆਂ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲ ਪਿਛਲੇ ਲੰਮੇ ਸਮੇਂ ਤੋਂ ਖੜ੍ਹਾ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਜਿਥੇ ਹੋਰ ਵਰਗ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਉਥੇ ਹੀ ਗੰਨਾ ਉਤਪਾਦਕ ਆਪਣੀ ਅਗਲੀ ਫ਼ਸਲ ਦੀ ਬਿਜਾਈ ਅਤੇ ਸਾਂਭ-ਸੰਭਾਲ ਲਈ ਖ਼ੁਦ ਪੈਸੇ ਪੈਸੇ ਨੂੰ ਤਰਸ ਰਹੇ ਹਨ, ਜਦਕਿ ਇਨ੍ਹਾਂ ਕਿਸਾਨਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦੱਬ ਕੇ ਖੰਡ ਮਿੱਲ ਮਾਲਕ ਮੌਜਾਂ ਮਾਣ ਰਹੇ ਹਨ। ਉਨ੍ਹਾਂ ਇਸ ਮੌਕੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਮਲਾ ਕਰਦਿਆਂ ਕਿਹਾ ਕਿ ਉਹ ਹਰ ਰੋਜ ਕਿਸਾਨਾਂ ਦੇ ਹੱਕ ‘ਚ ਮਗਰਮੱਛ ਦੇ ਹੰਝੂ ਵਹਾਉਂਦੇ ਰਹਿੰਦੇ ਹਨ ਉਨ੍ਹਾਂ ਕਿਹਾ ਕਿ ਇਹ ਆਪਣੇ ਖੰਡ ਮਿਲ ਮਾਲਕ ਅਕਾਲੀ ਅਤੇ ਕਾਂਗਰਸੀ ਆਗੂਆਂ ‘ਤੇ ਕਿਸਾਨਾਂ ਦਾ ਬਕਾਇਆ ਜਾਰੀ ਕਰਨ ਬਾਰੇ ਦਬਾਅ ਕਿਉਂ ਨਹੀਂ ਪਾਉਂਦੇ?