ਪਟਿਆਲਾ : ਰੰਗਾ ਦਾ ਤਿਉਹਾਰ ਹੋਲੀ ਜਿੱਥੇ ਲੋਕਾਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਉੱਥੇ ਹੀ ਇੱਕ ਗਰੀਬ ਪਰਿਵਾਰ ‘ਤੇ ਇਹ ਤਿਉਹਾਰ ਕਹਿਰ ਬਣ ਕੇ ਵਰ੍ਹਿਆ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੇ ਇੱਕ ਤੇਜ਼ ਰਫਤਾਰ ਕਾਰ ਨੇ ਨਾ ਸਿਰਫ ਇੱਕ ਦੀ ਜਾਨ ਲੈ ਲਈ ਬਲਕਿ ਚਾਰ ਜ਼ਖਮੀ ਦੱਸੇ ਜਾ ਰਹੇ ਹਨ।
ਦਰਅਸਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਤੇਜ਼ ਰਫਤਾਰ ਕਾਰ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਕੂਟੀ ਨੂੰ ਘੜੀਸ ‘ਕੇ ਆਪਣੇ ਨਾਲ ਹੀ ਕਾਫੀ ਦੂਰੀ ਤੱਕ ਲੈ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਰ ਸਵਾਰ ਡਰਾਇਵਰ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਅਮ੍ਰਿਤਵੀਰ ਸਿੰਘ ਨੇ ਦੱਸਿਆ ਕਿ ਆਈ20 ਗੱਡੀ ਅਤੇ ਐਕਟਿਵਾ ਦਾ ਐਕਸੀਡੈਂਟ ਹੋਇਆ ਹੈ। ਅਧਿਕਾਰੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਐਕਟਿਵਾ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਬਾਕੀ ਜ਼ਖਮੀ ਹਨ। ਉਨ੍ਹਾਂ ਦੱਸਿਆ ਕਿ ਗੱਡੀ ਦੇ ਡਰਾਇਵਰ ਅਤੇ ਉਸ ਦੇ ਸਾਥੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਨਾਮ ਕ੍ਰਿਸ਼ ਕੁਮਾਰ ਹੈ ਅਤੇ ਉਹ ਆਫੀਸਰ ਕਲੌਨੀ ਦਾ ਰਹਿਣ ਵਾਲਾ ਹੈ।