ਕਰੋਨਾ : ਮੁਸਲਮਾਨਾਂ ਖਿਲਾਫ਼ ਫਿਰਕੂ ਮਾਹੌਲ ਭੜਕਾਉਣ ਦੀ ਜਨਤਕ ਜਥੇਬੰਦੀਆਂ ਵੱਲੋਂ ਨਿੰਦਾ

TeamGlobalPunjab
5 Min Read

ਚੰਡੀਗੜ :  ਕਰੋਨਾ ਦੇ ਖੌਫ ਤੇ ਲਾਕਡਾਊਨ/ਕਰਫਿਊ ਦੇ ਕਾਰਨ ਜਦੋਂ ਕਰੋੜਾਂ ਲੋਕ ਭਾਰੀ ਮਸੀਬਤਾਂ ਝੱਲ ਰਹੇ ਹਨ ਤਾਂ ਉਸ ਸਮੇਂ ਕੱਟੜ ਹਿੰਦੂਤਵੀ ਤਾਕਤਾਂ ਵੱਲੋਂ ਮੁਸਲਮਾਨਾਂ ਖਿਲਾਫ਼ ਫਿਰਕੂ ਜਹਿਰ ਪਸਾਰਾ ਕਰਨ ਰਾਹੀਂ ਦੇਸ਼ ‘ਚ ਵੰਡੀਆਂ ਪਾਉਣ ਦੀਆ ਕੋਸ਼ਿਸ਼ਾਂ ਨੂੰ ਬੇਹੱਦ ਸ਼ਰਮਨਾਕ ਕਰਾਰ ਦਿੰਦਿਆਂ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਤੇ ਬਿਜਲੀ ਕਾਮਿਆਂ, ਠੇਕਾ ਮੁਲਾਜ਼ਮਾਂ ਅਤੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ 16 ਜਥੇਬੰਦੀਆਂ ਨੇ ਅਜਿਹੀਆਂ ਕਾਰਵਾਈਆਂ ਨੂੰ ਤੁਰੰਤ ਨੱਥ ਪਾਉਣ ਦੀ ਮੰਗ ਕੀਤੀ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਮਜ਼ਦੂਰ ਆਗੂ ਰਾਜਵਿੰਦਰ ਸਿੰਘ ਵੱਲੋਂ ਜਾਰੀ ਕੀਤੇ ਬਿਆਨ ‘ਚ ਆਖਿਆ ਕਿ ਨਿਜਾਮੂਦੀਨ ਮਰਕਜ ਵੱਲੋਂ ਕੀਤੇ ਇੱਕ ਧਾਰਮਿਕ ਸਮਾਗਮ ਨੂੰ ਅਧਾਰ ਬਣਾਕੇ ਭਾਜਪਾ ਤੇ ਆਰ.ਐਸ.ਐਸ. ਦੁਆਰਾ ਮੁਸਲਮਾਨਾਂ ਵੱਲੋਂ ਜਾਣ ਬੁੱਝ ਕੇ ਕਰੋਨਾ ਵਾਇਰਸ ਫੈਲਾਉਣ ਰਾਹੀਂ ਦੇਸ਼ ਦੇ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਵਰਗਾ ਘਟੀਆ ਪ੍ਰਚਾਰ ਕਰਕੇ ਆਪਣੇ ਫਿਰਕੂ ਫਾਸ਼ੀ ਅਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਜਿਸ ਸਮੇਂ ਦੌਰਾਨ ਨਿਜਾਮੂਦੀਨ ਮਰਕਜ ਵਿਖੇ 13 ਤੋਂ 15 ਮਾਰਚ ਦਰਮਿਆਨ ਮੁਸਲਮਾਨ ਇਕੱਠੇ ਹੋਏ ਸਨ। ਉਸੇ ਸਮੇਂ ਤੇ ਉਸਤੋਂ ਬਾਅਦ ਹਿੰਦੂ ਮੰਦਰਾਂ ‘ਚ ਵੱਡੇ ਇਕੱਠ ਹੋਣ, ਲਾਕਡਾਊਨ ਦੇ ਐਲਾਨ ਤੋਂ ਪਿੱਛੋਂ ਯੂ.ਪੀ. ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਵੱਲੋਂ 25 ਮਾਰਚ ਨੂੰ ਰਾਮ ਲੱਲਾ ਮੂਰਤੀਆਂ ਦੀ ਸਥਾਪਨਾ ਲਈ ਇਕੱਠ ਕਰਨ ਅਤੇ ਸਰਕਾਰਾਂ ਦੀ ਬਦਇੰਤਜਾਮੀ ਦੀ ਬਦੌਲਤ ਕੱਠੇ ਹੋਕੇ ਹਜ਼ਾਰਾਂ ਮਜ਼ਦੂਰਾਂ ਵੱਲੋਂ ਆਪਣੇ ਘਰਾਂ ਨੂੰ ਪਰਤਣ ਦੀਆਂ ਵੀ.ਡੀ.ਓ. ਸਾਹਮਣੇ ਆਉਣ ਦੇ ਬਾਵਜੂਦ ਸਿਰਫ਼ ਮੁਸਲਮਾਨਾਂ ਨੂੰ ਹੀ ਨਿਸ਼ਾਨਾ ਬਣਾਉਣ ਵਾਲੇ ਭਾਜਪਾ ਲੀਡਰਾਂ ਤੇ ਕਈ ਟੀ.ਵੀ. ਚੈਨਲਾਂ ਨੂੰ ਰੋਕਣ ਦੀ ਥਾਂ ਹੱਲਾ ਸ਼ੇਰੀ ਦੇਣ ਰਾਹੀਂ ਮੋਦੀ ਹਕੂਮਤ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਦੇ ਨਾਲ ਫਿਰਕੂ ਵੰਡੀਆਂ ਪਾਉਣ ਦੀ ਸਿਆਸਤ ਕਰ ਰਹੀ ਹੈ। ਉਹਨਾਂ ਅੱਜ ਪ੍ਰਧਾਨ ਮੰਤਰੀ ਵੱਲੋਂ ਕੌਮ ਦੇ ਨਾਂਅ ਦਿੱਤੇ ਸੰਦੇਸ਼ ‘ਚ ਵੀ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਅਤੇ ਹਕੂਮਤ ਵੱਲੋਂ ਲੋਕਾਂ ਦੀਆਂ ਦੁੱਧ, ਰਾਸ਼ਨ, ਦਵਾਈਆਂ ਤੇ ਕਰੋਨਾ ਦੇ ਇਲਾਜ ਲਈ ਵੱਡੇ ਹਕੂਮਤੀ ਕਦਮ ਚੁੱਕਣ ਦਾ ਜਿਕਰ ਤੱਕ ਨਾ ਕਰਨਾ ਬੇਹੱਦ ਮੰਦਭਾਗਾ ਕਰਾਰ ਦਿੱਤਾ।

ਕਿਸਾਨ ਮਜ਼ਦੂਰ ਆਗੂਆਂ ਨੇ ਦਿੱਲੀ ਦੀ ਆਪ ਸਰਕਾਰ ਤੇ ਪੁਲੀਸ ਨੂੰ ਨਿਜਾਮੂਦੀਨ ਮਰਕਜ ‘ਚ ਫਸੇ ਮੁਸਲਮਾਨਾਂ ਨੂੰ ਬਾਹਰ ਕੱਢਣ ਲਈ ਪ੍ਰਬੰਧਕਾਂ ਵੱਲੋਂ ਵਾਰ-ਵਾਰ ਲਿਖਤੀ ਬੇਨਤੀਆਂ ਕਰਨ ਦੇ ਬਾਵਜੂਦ ਉਸ ਵੱਲੋਂ ਵੇਲੇ ਸਿਰ ਢੁੱਕਵੇਂ ਕਦਮ ਚੁੱਕਣ ਦੀ ਥਾਂ ਮਾਹੌਲ ਵਿਗਾੜਨ ਦੇ ਲਈ ਜਾਣ ਬੁੱਝ ਕੇ ਅਣਦੇਖੀ ਕੀਤੀ ਗਈ ਅਤੇ ਹੁਣ ਪ੍ਰਬੰਧਕਾਂ ਨੂੰ ਦੋਸ਼ੀ ਬਣਾਕੇ ਉਹਨਾਂ ਖਿਲਾਫ਼ ਮੁਕੱਦਮੇ ਦਰਜ ਕਰਨ ਰਾਹੀਂ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਸਰਕਾਰ ਭਾਜਪਾ ਤੇ ਆਰ.ਐਸ.ਐਸ. ਦੀ ਬੀ ਟੀਮ ਵਾਂਗ ਕੰਮ ਕਰ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਖੌਫ਼ ਤੇ ਭੁੱਖਮਰੀ ਤੋਂ ਬਚਾਅ ਲਈ ਜੂਝਦੇ ਹੋਏ ਮੋਦੀ ਹਕੂਮਤ ਦੇ ਫਿਰਕੂਫਾਸ਼ੀ ਕਦਮਾਂ ਖਿਲਾਫ਼ ਸੁਚੇਤ ਹੋ ਕੇ ਇਹਨਾਂ ਨੂੰ ਮਾਤ ਦੇਣ ਲਈ ਅੱਗੇ ਆਉਣ। ਕਿਸਾਨ ਮਜ਼ਦੂਰ ਆਗੂਆਂ ਨੇ ਆਖਿਆ ਕਿ ਦਸੰਬਰ 2019 ‘ਚ ਬਾਹਰਲੇ ਮੁਲਕਾਂ ਵਿੱਚ ਕਰੋਨਾ ਵੱਲੋਂ ਤਬਾਹੀ ਮਚਾਉਣ ਦੇ ਬਾਵਜੂਦ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਇਸਦੀ ਰੋਕਥਾਮ ਲਈ ਵਿਦੇਸ਼ਾਂ ‘ਚੋਂ ਆਉਣ ਵਾਲੇ ਲੋਕਾਂ ਦੇ ਹਵਾਈ ਅੱਡਿਆਂ ‘ਤੇ ਟੈਸਟ ਕਰਨ, ਰਿਪੋਰਟ ਆਉਣ ਤੱਕ ਵੱਖਰੇ ਰੱਖਣ ਤੇ ਸਾਵਧਾਨੀਆਂ ਵਰਤਨ ਲਈ ਸਿੱਖਿਅਤ ਕਰਨ ਵਰਗੇ ਢੁੱਕਵੇਂ ਕਦਮ ਨਹੀਂ ਲਏ ਗਏ। ਇਸ ਤੋਂ ਇਲਾਵਾ ਭਾਰਤੀ ਲੋਕਾਂ ਦੇ ਇਸ ਰੋਗ ਤੋਂ ਪੀੜਤ ਹੋਣ ਦੀ ਹਾਲਤ ‘ਚ ਲਾਕਡਾਊਨ ਵਰਗੇ ਕਦਮ ਲੈਣ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਰਾਸ਼ਨ, ਦਵਾਈਆਂ ਤੋਂ ਇਲਾਵਾ ਪ੍ਰਵਾਸ਼ੀਆਂ ਲਈ ਰਹਿਣ ਜਾਂ ਆਪਣੇ ਘਰਾਂ ਨੂੰ ਪਰਤਣ ਆਦਿ ਦੇ ਪ੍ਰਬੰਧ ਕਰਨ ਲਈ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਗਈ ਜਿਸ ਕਾਰਨ ਇਹ ਹਕੂਮਤੀ ਢਾਂਚਾ ਖੁਦ ਇਸ ਬਿਮਾਰੀ ਨੂੰ ਫੈਲਾਉਣ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਮੂੰਹ ਧੱਕਣ ਦਾ ਦੋਸ਼ੀ ਬਣਦਾ ਹੈ ਜਿਸ ਕਾਰਨ ਲੋਕਾਂ ‘ਚ ਹਕੂਮਤਾਂ ਪ੍ਰਤੀ ਰੋਹ ਫੈਲ ਰਿਹਾ ਹੈ ਜਿਸਤੋਂ ਮੋਦੀ ਹਕੂਮਤ ਨੂੰ ਬਚਾਉਣ ਲਈ ਕੱਟੜ ਹਿੰਦੂਤਵੀ ਤਾਕਤਾਂ ਤੇ ਕੁੱਝ ਚੈਨਲਾਂ ਵੱਲੋਂ ਮੁਸਲਮਾਨਾਂ ਖਿਲਾਫ਼ ਨਫ਼ਰਤ ਭੜਕਾਈ ਜਾ ਰਹੀ ਹੈ।
ਬਿਆਨ ਜਾਰੀ ਕਰਨ ਵਾਲੀਆਂ ਜਥੇਬੰਦੀਆਂ ‘ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਟੈਕਸਟਾਈਲ ਹੌਜਰੀ ਕਾਮਗਰ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜ਼ਿ ਨੰ 31, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ (ਲਲਕਾਰ), ਪੀ.ਐਸ.ਯੂ. (ਸ਼ਹੀਦ ਰੰਧਾਵਾ), ਟੈਕਨੀਕਲ ਸਰਵਿਸਜ਼ ਯੂਨੀਅਨ, ਨੌਜਵਾਨ ਭਾਰਤ ਸਭਾ, ਪੀ.ਐਸ.ਯੂ. (ਲਲਕਾਰ), ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ, ਪਾਵਰ ਕੌਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰ ਕੌਮ ਜੋਨ ਬਠਿੰਡਾ ਅਤੇ ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਸ਼ਾਮਲ ਹਨ।

Share this Article
Leave a comment