ਕਰਾਚੀ: ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਸ਼ਨਿਚਰਵਾਰ ਨੂੰ ਸੀਵਰੇਜ ਸਿਸਟਮ ਵਿੱਚ ਗੈਸ ਧਮਾਕਾ ਹੋਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਤੇ 12 ਵਿਅਕਤੀ ਜ਼ਖ਼ਮੀ ਹੋ ਗਏ। ਧਮਾਕਾ ਹੋਣ ਨਾਲ ਬੈਂਕ ਦੀ ਬਿਲਡਿੰਗ ਤੇ ਉਸ ਦੇ ਨੇੜੇ ਪੈਂਦੇ ਪੈਟਰੋਲ ਪੰਪ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਰਾਚੀ ਪੁਲਿਸ ਦੇ ਐੱਸ. ਐੱਚ. ਓ. ਜ਼ਫਰ ਅਲੀ ਸ਼ਾਹ ਨੇ ਦੱਸਿਆ ਕਿ ਧਮਾਕਾ ਇੱਕ ਨਿੱਜੀ ਬੈਂਕ ਦੇ ਹੇਠਾਂ ਸਥਿਤ ਨਾਲੇ ਵਿੱਚ ਹੋਇਆ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਜਗ੍ਹਾ ਨੂੰ ਖਾਲੀ ਕਰਾ ਲਿਆ ਗਿਆ ਹੈ ਤਾਂ ਜੋ ਨਾਲੇ ਦੀ ਸਫਾਈ ਕੀਤੀ ਜਾ ਸਕੇ।
ਅਧਿਕਾਰੀ ਹਾਲੇ ਇਸ ਗੱਲ ਨੂੰ ਸਪਸ਼ਟ ਨਹੀਂ ਕਰ ਸਕੇ ਹਨ ਕਿ ਸੀਵਰੇਜ ਸਿਸਟਮ ਵਿੱਚ ਜਮ੍ਹਾਂ ਮਿਥੇਨ ਗੈਸ ਵਿੱਚ ਅੱਗ ਲੱਗੀ ਜਾਂ ਗੈਸ ਪਾਈਪ ਲਾਈਨ ਵਿੱਚ ਅੱਗ ਲੱਗਣ ਨਾਲ ਧਮਾਕਾ ਹੋਇਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਸੀਵਰ ਸਿਸਟਮ ਵਿੱਚ ਗੈਸ ਦਾ ਧਮਾਕਾ ਹੋ ਸਕਦਾ ਹੈ ਕਿਉਂਕਿ ਬੈਂਕ ਦੀ ਇਮਾਰਤ ਇਕ ਢਕੇ ਹੋਏ ਨਾਲੇ ਉੱਤੇ ਬਣੀ ਹੋਈ ਸੀ।