ਫਾਜ਼ਿਲਕਾ : ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ 19 (ਕੋਰੋਨਾ ਵਾਇਰਸ) ਦੇ ਮੱਦੇਨਜਰ ਲਗਾਏ ਗਏ ਕਰਫਿਊ ਦੌਰਾਨ ਜ਼ਰੂਰੀ ਵਸਤਾਂ ਦੀ ਲੋਕਾਂ ਦੇ ਘਰਾਂ ਤੱਕ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਦੇਖਦੇ ਹੋਏ ਵਸਤਾਂ ਦੀ ਵੰਡ ਅਤੇ ਸਮੇਂ ’ਚ ਵਾਧਾ ਕਰਦੇ ਹੋਏ ਅਦਾਰਿਆਂ ਤੇ ਦੁਕਾਨਦਾਰਾਂ ਨੂੰ ਢਿੱਲ ਦਿੱਤੀ ਹੈ। ਉਨ੍ਹਾਂ ਜ਼ਿਲੇ੍ਹ ਵਿੱਚ ਸਥਾਪਿਤ ਵੱਖ-ਵੱਖ ਬੈਂਕਾਂ ਨੂੰ ਕਰਫਿਊ ਦੌਰਾਨ ਰੋਜ਼ਾਨਾ ਸਵੇਰੇ 10 ਵਜੇ ਤੋਂ 1 ਵਜੇ ਤੱਕ ਢਿੱਲ ਦਿੰਦੇ ਸਮੂਹ ਬੈਂਕਾਂ ਦੇ ਮੈਨੇਜਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਸਮੇਂ ਦੌਰਾਨ ਸਿਰਫ ਸਰਕਾਰੀ ਲੈਣ-ਦੇਣ ਹੀ ਕਰਨਗੇ।
ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਸੇਵਾਵਾਂ ਮੁਹੱਈਆ ਕਰਵਾ ਰਹੇ ਵਹੀਕਲਾਂ ਨੂੰ ਪੈਟਰੋਲ ਅਤੇ ਡੀਜ਼ਲ ਦੇਣਾ ਬਹੁਤ ਜ਼ਰੂਰੀ ਹੈ। ਇਸ ਮੰਤਵ ਲਈ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਸਟੇਟ ਹਾਈਵੇ ਅਤੇ ਨੈਸ਼ਨਲ ਹਾਈਵੇ ’ਤੇ ਸਥਿਤ ਸਾਰੇ ਪੈਟਰੋਲ ਪੰਪਾਂ ਨੂੰ ਢਿੱਲ ਦਿੱਤੀ ਜਾਂਦੀ ਹੈ ਤਾਂ ਜੋ ਆਮ ਜਨਤਾ ਨੂੰ ਸਰਵਿਸ ਮੁਹੱਈਆ ਕਰਵਾਉਣ ਵਾਲੇ ਵਹੀਕਲਾਂ ਨੂੰ ਪੈਟਰੋਲ/ਡੀਜ਼ਲ ਭਰਵਾਉਣ ਵਿੱਚ ਪੇ੍ਰਸ਼ਾਨੀ ਨਾ ਆਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਪਹਿਲਾਂ ਹੀ ਗੈਸ ਦੀ ਸਪਲਾਈ ਆਮ ਜਨਤਾ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੰੁਚਾਉਣ ਲਈ 27, 29 ਅਤੇ 31 ਮਾਰਚ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਢਿੱਲ ਦਿੱਤੀ ਗਈ ਸੀ। ਆਮ ਜਨਤਾ ਨੂੰ ਹੋਰ ਬਿਹਤਰ ਅਤੇ ਸਮਾਂਬੱਧ ਸਹੂਲਤ ਦਿੰਦੇ ਹੋਏ ਗੈਸ ਦੀ ਸਪਲਾਈ ਆਮ ਜਨਤਾ ਤੱਕ ਅਸਾਨੀ ਨਾਲ ਪਹੰੁਚਾਉਣ ਲਈ ਸਮੇਂ ਵਿੱਚ ਵਾਧਾ ਕਰਦੇ ਹੋਏ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤਾ ਜਾਂਦਾ ਹੈ ਤਾਂ ਜੋ ਆਮ ਜਨਤਾ ਸਹੂਲਤ ਲੈਣ ਤੋਂ ਵਾਂਝੀ ਨਾ ਰਹਿ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਸਬਜੀ/ਫਲ ਦੀ ਵਿਕਰੀ ਆਮ ਜਨਤਾ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਾਉਣ ਲਈ 30 ਮਾਰਚ 2020 ਨੂੰ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਢਿੱਲ ਦਿੱਤੀ ਗਈ ਸੀ। ਆਮ ਜਨਾਤ ਨੂੰ ਬਿਹਤਰ ਅਤੇ ਸਮਾਂਬੱਧ ਸਹੂਲਤ ਦਿੰਦੇ ਹੋਏ ਇਕ ਦਿਨ ਦਾ ਹੋਰ ਵਾਧਾ 28 ਮਾਰਚ 2020 ਨੁੰ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਕਰਿਆਣੇ ਦੀ ਵਿਕਰੀ ਆਮ ਜਨਤਾ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੰੁਚਾਉਣ ਲਈ 27 ਤੇ 31 ਮਾਰਚ 2020 ਨੂੰ ਸਮਾਂ ਦੁਪਹਿਰ 12 ਤੋਂ ਸ਼ਾਮ 6 ਵਜੇ ਤੱਕ ਢਿੱਲ ਦਿੱਤੀ ਗਈ ਸੀ। ਆਮ ਜਨਤਾ ਨੂੰ ਹੋਰ ਬਿਹਤਰ ਅਤੇ ਸਮਾਂ ਬੱਧ ਸਹੂਲਤ ਦਿੰਦੇ ਹੋਏ ਕਰਿਆਣੇ ਦੀ ਵਿਕਰੀ ਆਮ ਜਨਤਾ ਤੱਕ ਦੁਕਾਨਦਾਰਾਂ ਵੱਲੋਂ ਅਸਾਨੀ ਨਾਲ ਪਹੰੁਚਾਉਣ ਲਈ ਇਸ ਵਿੱਚ ਦੋ ਦਿਨ ਤ28 ਅਤੇ 29 ਮਾਰਚ 2020 ਦਾ ਵਾਧਾ ਅਤੇ ਨਾਲ ਹੀ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤਾ ਜਾਂਦਾ ਹੈ ਤਾਂ ਜੋ ਆਮ ਜਨਤਾ ਸਹੂਲਤ ਲੈਣ ਤੋਂ ਵਾਂਝੀ ਨਾ ਰਹਿ ਜਾਵੇ।
ਉਨ੍ਹਾਂ ਦੱਸਿਆ ਕਿ ਫ਼ਸਲਾਂ ਦੀ ਉਪਜ ਨੂੰ ਮੁੱਖ ਰੱਖਦੇ ਹੋਏ ਕੀਟਨਾਸ਼ਕ/ਫਰਟੀਲਾਇਜ਼ਰ ਦੀ ਸਪਲਾਈ ਲਈ 28 ਅਤੇ 30 ਮਾਰਚ 2020 ਨੂੰ ਸਮਾਂ ਬਾਅਦ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਢਿੱਲ ਦਿੱਤੀ ਗਈ ਸੀ। ਆਮ ਜਨਤਾ ਨੂੰ ਹੋਰ ਬਿਹਤਰ ਅਤੇ ਸਮਾਂ ਬੱਧ ਸਹੂਲਤ ਦਿੰਦੇ ਹੋਏ ਕੀਟਨਾਸ਼ਕ ਅਤੇ ਫਰਟੀਲਾਇਜ਼ਰ ਦੀ ਸਪਲਾਈ ਸਬੰਧਤ ਦੁਕਾਨਦਾਰਾਂ ਵੱਲੋਂ ਜਿੰਮੀਦਾਰਾਂ ਤੱਕ ਆਸਾਨੀ ਨਾਲ ਪਹੁੰਚਾਉਣ ਲਈ ਇਕ ਦਿਨ 27 ਮਾਰਚ 2020 ਦਾ ਵਾਧਾ ਅਤੇ ਨਾਲ ਹੀ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤਾ ਜਾਂਦਾ ਹੈ ਤਾਂ ਜੋ ਕੋਈ ਜਿੰਮੀਦਾਰ ਸਹੂਲਤ ਲੈਣ ਤੋਂ ਵਾਂਝਾ ਨਾ ਰਹਿ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਕਿੰਨੂ ਦੀ ਉਪਜ ਨੂੰ ਦੇਖਦੇ ਹੋਏ ਕਿੰਨੂ ਦੀ ਸੰਭਾਲ ਲਈ ਕਿੰਨੂਆਂ ਨੂੰ ਵੈਕਸਿੰਗ/ਕੋਲਡ ਸਟੋਰ ਵਿੱਚ ਜਮ੍ਹਾਂ ਕਰਵਾਉਣ ਲਈ ਰੋਜਾਨਾ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਮੁਕੱਰਰ ਕੀਤਾ ਗਿਆ ਸੀ। ਇਸ ਵਿੱਚ ਸੋਧ ਕਰਦੇ ਹੋਏ ਲੇਬਰ ਨੂੰ ਕਿੰਨੂ ਤੋੜਨ ਲਈ ਸ਼ਾਮਿਲ ਕੀਤਾ ਜਾਂਦਾ ਹੈ ਅਤੇ ਸਮੇਂ ਵਿੱਚ ਵੀ ਵਾਧਾ ਕਰਦੇ ਹੋਏ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ। ਕਿੰਨੂ ਵੈਕਸਿੰਗ/ਸਟੋਰੇਜ ਅਤੇ ਵਿਕਰੀ ਲਈ ਆਵਾਜਾਈ ਦਾ ਹਰ ਤਰ੍ਹਾਂ ਦਾ ਸਮੁੱਚੇ ਤੌਰ ’ਤੇ ਖਿਆਲ ਡਿਪਟੀ ਡਾਇਰੈਕਟਰ ਬਾਗਬਾਨੀ ਅਬੋਹਰ ਅਤੇ ਜਨਰਲ ਮੈਨੇਜਰ ਪੰਜਾਬ ਐਗਰੋ ਚੰਡੀਗੜ੍ਹ ਰੱਖਣਗੇ ਤਾਂ ਜੋ ਕਿਸੇ ਵੀ ਬਾਗ ਮਾਲਕ/ਜਿੰਮੀਦਾਰ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਨਾ ਹੀ ਬਾਗ ਮਾਲਕ/ਜਿੰਮੀਦਾਰ ਦੀ ਕਿੰਨੂ ਦੀ ਫਸਲ ਦਾ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਕਿੰਨੂ ਦੀ ਆਵਜਾਈ ਵਿੱਚ ਬਾਹਰਲੇ ਰਾਜਾਂ/ਜ਼ਿਲੇ੍ਹ ਵਿੱਚ ਦਿੱਕਤ ਪੇਸ਼ ਆਵੇ ਤਾਂ ਉਨ੍ਹਾਂ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਬਾਕੀ ਹਦਾਇਤਾਂ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹਿਣਗੀਆਂ।