ਦੁਬਈ: ਸੰਯੁਕਤ ਅਰਬ ਅਮੀਰਾਤ ‘ਚ ਇੱਕ ਔਰਤ ਨੂੰ ਲੋਕਾਂ ਨੂੰ ਠੱਗੀ ਮਾਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਔਰਤ ‘ਤੇ ਦੋਸ਼ ਹੈ ਕਿ ਉਸਨੇ ਖੁਦ ਸੋਸ਼ਲ ਮੀਡੀਆ ਪਲੇੇਟਫਾਰਮ ‘ਤੇ ਇੱਕ ਅਸਫਲ ਵਿਆਹ ਦਾ ਸ਼ਿਕਾਰ ਦੱਸ ਕੇ ਆਪਣੇ ਬੱਚਿਆ ਦੇ ਪਾਲਣ ਪੋਸ਼ਣ ਲਈ ਲੋਕਾਂ ਨੂੰ ਸਹਾਇਤਾ ਦੀ ਅਪੀਲ ਕੀਤੀ ਤੇ ਇਸੇ ਤਰ੍ਹਾਂ ਉਸ ਨੇ ਸਿਰਫ 17 ਦਿਨਾਂ ‘ਚ ਹੀ 34 ਲੱਖ 81 ਹਜ਼ਾਰ ਰੁਪਏ ਇਕੱਠੇ ਕਰ ਲਏ।
ਉਹ ਲੋਕਾਂ ਨੂੰ ਕਹਿੰਦੀ ਸੀ ਕਿ ਉਸ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਹੈ ਤੇ ਉਸ ਦੇ ਸਿਰ ‘ਤੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਦਾਰੀ ਹੈ। ਪੁਲਿਸ ਮੁਤਾਬਕ ਸਾਬਕਾ ਪਤੀ ਨੇ ਹੀ ਮਹਿਲਾ ਦੀ ਇਸ ਹਰਕਤ ਬਾਰੇ ਉਨ੍ਹਾਂ ਨੂੰ ਦੱਸਿਆ। ਦੁਬਈ ਪੁਲਿਸ ਦੇ ਅਪਰਾਧ ਜਾਂਚ ਵਿਭਾਗ ਦੇ ਅਧਿਕਾਰੀ ਜਮਾਲ ਅਲ ਸਲੇਮ ਜਾਲਫ ਨੇ ਦੱਸਿਆ ਕਿ ਮਹਿਲਾ ਨੇ ਬੱਚਿਆਂ ਦੀਆਂ ਤਸਵੀਰਾਂ ਫੇਸਬੁੱਕ, ਟਵਿਟਰ ਤੇ ਇੰਸਟਾਗ੍ਰਾਮ ‘ਤੇ ਪੋਸਟ ਕੀਤੇ ਸੀ ਤੇ ਕਈ ਅਕਾਊਂਟ ਬਣਾਏ ਹੋਏ ਸੀ।
ਬ੍ਰਿਗੇਡੀਅਰ ਅਲ ਜਾਲਫ ਦਾ ਕਹਿਣਾ ਹੈ ਕਿ ਯੁਏਈ ‘ਚ ਆਨਲਾਈਨ ਭੀਖ ਮੰਗਣਾ ਅਪਰਾਧ ਹੈ ਤੇ ਦੁਬਈ ਅਜਿਹੇ ਮਾਮਲਿਆਂ ‘ਤੇ ਕਾਰਵਾਈ ਕਰਦਾ ਹੈ। ਉਨ੍ਹਾਂ ਸੋਸ਼ਲ ਮੀਡੀਆ ਜਾਂ ਸੜ੍ਹਕਾਂ ‘ਤੇ ਭਿਖਾਰੀਆਂ ਦੇ ਨਾਲ ਹਮਦਰਦੀ ਨਾ ਰੱਖਣ ਦੀ ਅਪੀਲ ਕੀਤੀ ਹੈ।