ਇਟਲੀ ‘ਚ ਸਿੱਖ ਮਜਦੂਰਾਂ ਦਾ ਹੋ ਰਿਹਾ ਸ਼ੋਸ਼ਣ, ਜਬਰੀ ਨਸ਼ਾ ਦੇ ਕੇ ਕਰਵਾਇਆ ਜਾਂਦੈ ਖੇਤਾਂ ‘ਚ ਕੰਮ

TeamGlobalPunjab
3 Min Read

ਰੋਮ: ਇਟਲੀ ਦੇ ਫਾਰਮਲੈਂਡ ‘ਚ ਇੱਕ ਅਜਿਹਾ ਮਾਫੀਆ ਸਰਗਰਮ ਹੈ ਜਿਨ੍ਹਾਂ ਵੱਲੋਂ ਖੇਤਾਂ ‘ਚ ਕੰਮ ਕਰਨ ਵਾਲੇ ਸਿੱਖ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਰੋਮ ਦੇ ਦੱਖਣ ਲੈਟਿਨਾ ਸੂਬੇ ਵਿਚ ਇਕ ਘੰਟੇ ਦੀ ਦੂਰੀ ‘ਤੇ 35 ਹਜ਼ਾਰ ਪੰਜਾਬੀ ਖੇਤ ਮਜ਼ਦੂਰਾਂ ਦੇ ਰੂਪ ਵਿਚ ਰਹਿੰਦੇ ਹਨ ਜੋ ਸਭ ਤੋਂ ਸ਼ੋਸ਼ਿਤ ਅਤੇ ਗ਼ੁਲਾਮ ਹਨ। ਏਜੰਟਾਂ ਨੂੰ 20-20 ਹਜ਼ਾਰ ਡਾਲਰ ਦਾ ਭੁਗਤਾਨ ਕਰਕੇ ਬਹੁਤ ਸਾਰੇ ਲੋਕ ਇਟਲੀ ਵਿਚ ਗ਼ੈਰਰਸਮੀ ਤਰੀਕੇ ਨਾਲ ਆਉਂਦੇ ਹਨ ਜੋ ਅਪਰਾਧਿਕ ਸੰਗਠਨਾਂ ਦੇ ਧੱਕੇ ਚੜ੍ਹ ਜਾਂਦੇ ਹਨ ਅਤੇ ਉਹਨਾਂ ਕੋਲੋਂ ਖੇਤਾਂ ਵਿਚ ਜ਼ਬਰੀ ਜ਼ਿਆਦਾ ਕੰਮ ਕਰਵਾਇਆ ਜਾਂਦਾ ਹੈ।

ਖਬਰ ਏਜੰਸੀ ਸੀਬੀਸੀ ਦੇ ਮੁਤਾਬਕ ਮਜ਼ਦੂਰ ਸੰਗਠਨਾਂ ਦਾ ਕਹਿਣਾ ਹੈ ਕਿ ਨੀਲਗਿਰੀ ਦੇ ਦਰੱਖਤਾਂ ਨਾਲ ਸਜੇ ਹਰੇ ਭਰੇ ਇਤਾਲਵੀ ਫਾਰਮਾਂ ਦੇ ਪਿੱਛੇ ਸਿੱਖ ਕਾਮਿਆਂ ਦੀ ਸਖ਼ਤ ਮਿਹਨਤ ਲੁਕੀ ਹੋਈ ਹੈ ਜੋ ਕਿ ਅਪਰਾਧਿਕ ਸੰਗਠਨਾਂ ਦੀ ਸਖ਼ਤੀ ਵਿਚ ਉਨ੍ਹਾਂ ਕੋਲੋਂ ਕਰਵਾਈ ਜਾਂਦੀ ਹੈ ਜਿਸ ਦੇ ਲਈ ਉਨ੍ਹਾਂ ਨੂੰ ਨਸ਼ਾ ਵੀ ਦਿੱਤਾ ਜਾਂਦਾ ਹੈ। ਇਕ ਪੰਜਾਬੀ ਮਜ਼ਦੂਰ ਦਾ ਕਹਿਣਾ ਹੈ ਕਿ ਇੱਥੇ ਕੰਮ ਕਰਨ ਵਾਲੇ ਸਿੱਖ ਵਰਕਰ 14 ਘੰਟੇ ਤੱਕ ਖੇਤਾਂ ‘ਚ ਕੰਮ ਕਰਦੇ ਹਨ। ਕੰਮ ਦੌਰਾਨ ਉਨ੍ਹਾਂ ਨੂੰ ਗਾਲਾਂ ਵੀ ਸੁਣਨੀਆ ਪੈਂਦੀਆਂ ਹਨ ਅਤੇ ਕਈ ਵਾਰ ਹਿੰਸਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਕੁੱਝ ਮਜ਼ਦੂਰ ਤਾਂ ਇਹ ਦੱਸਣ ਤੋਂ ਵੀ ਡਰਦੇ ਨੇ ਕਿ ਉਹ ਇੱਥੇ ਕੰਮ ਕਰਦੇ ਹਨ।

ਇਨ੍ਹਾਂ ਮਜ਼ਦੂਰਾਂ ਨੂੰ ਹਫ਼ਤੇ ‘ਚ ਸਿਰਫ਼ ਅੱਧੇ ਦਿਨ ਦੀ ਹੀ ਛੁੱਟੀ ਮਿਲਦੀ ਹੈ ਜਿਸ ਨੂੰ ਉਹ ਜ਼ਿਆਦਾਤਰ ਗੁਰਦੁਆਰੇ ‘ਚ ਬਿਤਾਉਂਦੇ ਹਨ। ਜੇਕਰ ਉਹ ਥੋੜਾ ਸਮਾਂ ਜ਼ਿਆਦਾ ਬਿਤਾ ਲੈਣ ਤਾਂ ਉਨ੍ਹਾਂ ਦੀ ਪੂਰੇ ਹਫ਼ਤੇ ਦੀ ਤਨਖ਼ਾਹ ਕੱਟ ਲਈ ਜਾਂਦੀ ਹੈ। ਇਕ ਸਿੱਖ ਮਜ਼ਦੂਰ ਦੱਸਿਆ ਕਿ ਉਹ ਸਾਨੂੰ 2 ਜਾਂ 3 ਡਾਲਰ ਪ੍ਰਤੀ ਘੰਟਾ ਭੁਗਤਾਨ ਕਰਦੇ ਸਨ। ਜਦੋਂ ਅਸੀਂ 5 ਡਾਲਰ ਪਲੱਸ ਬੂਟ ਅਤੇ ਦਸਤਾਨਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਸਾਡੇ ਦਸਤਾਵੇਜ਼ਾਂ ਨੂੰ ਸਾੜਨ ਦੀ ਧਮਕੀ ਦਿੱਤੀ, ਕੁੱਟਮਾਰ ਕੀਤੀ ਅਤੇ ਪੈਰਾਂ ਨੂੰ ਬੰਨ੍ਹ ਦਿਤਾ ਗਿਆ ਤਾਂ ਜੋ ਅਸੀ ਭੱਜ ਨਾ ਸਕੀਏ।

ਇੱਥੇ ਮਜ਼ਦੂਰਾਂ ਵਿਚ 30 ਫ਼ੀਸਦੀ ਔਰਤਾਂ ਵੀ ਸ਼ਾਮਲ ਹਨ। ਸਿੱਖ ਮਜ਼ਦੂਰਾਂ ਦਾ ਕਹਿਣਾ ਹੈ ਕਿ 20 ਘੰਟੇ ਤੱਕ ਤਰਬੂਜ਼ ਦਾ ਵਜ਼ਨ ਚੁੱਕਣ ਤੋਂ ਬਾਅਦ ਮਾਲਕਾਂ ਵਲੋਂ ਕੁੱਝ ਵਰਕਰਾਂ ਨੂੰ ਅਫ਼ੀਮ ਅਤੇ ਹੋਰ ਨਸ਼ੀਲੀਆਂ ਦਵਾਈਆਂ ਨੂੰ ਆਪਣੀ ਸਵੇਰ ਦੀ ਚਾਹ ਨਾਲ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਤੋਂ ਜ਼ਿਆਦਾ ਕੰਮ ਲਿਆ ਜਾ ਸਕੇ।

ਮਜ਼ਦੂਰ ਯੂਨੀਅਨ ਦੇ ਇਕ ਇਤਾਲਵੀ ਨੇਤਾ ਓਮੀਜੋਲੋ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਸਿੱਖ ਮਜ਼ਦੂਰਾਂ ਵਿਚਕਾਰ ਇਕ ਦਰਜਨ ਤੋਂ ਜ਼ਿਆਦਾ ਆਤਮ ਹੱਤਿਆਵਾਂ ਹੋਈਆਂ ਪਰ ਮਾਲਕਾਂ ਦੇ ਦਬਾਅ ਵਿਚ ਕਾਮੇ ਅਕਸਰ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਨਹੀਂ ਕਰਦੇ। ਉਹ ਅਜਿਹੀ ਮੌਤ ਨੂੰ ਕਾਰ ਦੁਰਘਟਨਾ ਜਾਂ ਕਿਸੇ ਹੋਰ ਰੂਪ ‘ਚ ਦਰਸਾ ਦਿੰਦੇ ਹਨ।

ਓਮੀਜੋਲ ਪਿਛਲੇ ਕਾਫ਼ੀ ਸਮੇਂ ਤੋਂ ਸਿੱਖ ਮਜ਼ਦੂਰਾਂ ਨਾਲ ਹੋ ਰਹੇ ਇਨ੍ਹਾਂ ਜ਼ੁਲਮਾਂ ਵਿਰੁਧ ਆਵਾਜ਼ ਚੁੱਕ ਰਹੇ ਹਨ ਭਾਵੇਂ ਕਿ ਉਨ੍ਹਾਂ ਨੂੰ ਕੁੱਝ ਕਾਮਯਾਬੀ ਜ਼ਰੂਰੀ ਮਿਲੀ ਪਰ ਉਹ ਇਨ੍ਹਾਂ ਸਿੱਖ ਮਜ਼ਦੂਰਾਂ ਨੂੰ ਜ਼ੁਲਮਾਂ ਤੋਂ ਮੁਕਤੀ ਦਵਾਉਣ ਲਈ ਕਾਫ਼ੀ ਨਹੀਂ ਸੀ ਤੇ ਹਾਲੇ ਵੀ ਸਿੱਖ ਕਾਮਿਆਂ ਨੂੰ ਆਪਣੇ ਅਧਿਕਾਰਾਂ ਲਈ ਖੜਾ ਹੋਣ ਲਈ ਉਤਸ਼ਾਹਿਤ ਕਰਨਾ ਬਹੁਤ ਜਰੂਰੀ ਹੈ।

Share this Article
Leave a comment