ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਉਤੇ 10 ਸਵਾਲ ਪੁੱਛੇ ਹਨ ਅਤੇ ਕਿਹਾ ਹੈ ਕਿ ਦੁਨੀਆਂ ਭਰ ‘ਚ ਵਸਦੇ ਪੰਜਾਬੀ ਅਤੇ ਨਾਨਕ ਨਾਮ ਲੇਵਾ ਸੰਗਤ ਅਜਿਹੇ ਸਿੱਧੇ ਅਤੇ ਸਪੱਸਟ ਸਵਾਲਾਂ ਦੇ ਜਵਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੂੰਹੋਂ ਸੁਣਨ ਲਈ ਤਤਪੱਰ ਹੈ, ਕਿਉਂਕਿ 2017 ‘ਚ ਕੈਪਟਨ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਦੋਸੀਆਂ ਨੂੰ ਤੁਰੰਤ ਸਲਾਖਾਂ ਪਿੱਛੇ ਸੁੱਟਣ ਦਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ।
ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੁੱਕਰਵਾਰ ਨੂੰ ਪਾਰਟੀ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਦਸ ਸਵਾਲ ਕੀਤੇ ਹਨ ਅਤੇ ਜਵਾਬਦੇਹੀ ਮੰਗੀ ਹੈ।
1. ਕੀ ਕੈਪਟਨ ਅਮਰਿੰਦਰ ਸਿੰਘ ਗੁਰੂ ਨੂੰ ਹਾਜਰ ਨਾਜਰ ਮੰਨ ਕੇ ਸਮੁੱਚੇ ਪੰਜਾਬੀਆਂ ਅਤੇ ਨਾਨਕ ਨਾਮ ਲੇਵਾ ਸੰਗਤ ਸਾਹਮਣੇ ਇਕਬਾਲ ਕਰਨਗੇ ਕਿ ਆਖਰ ਕਿਸ ਮਜਬੂਰੀ, ਕਮਜੋਰੀ ਜਾਂ ਸੌਦੇਬਾਜੀ ਕਾਰਨ ਉਹ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਹੁੰਦਿਆਂ 4 ਸਾਲਾਂ ‘ਚ ਦੋਸੀਆਂ ਨੂੰ ਸਜਾ ਅਤੇ ਸੰਗਤ ਨੂੰ ਇਨਸਾਫ ਨਹੀਂ ਦਿਵਾ ਸਕੇ? ਸੰਧਵਾਂ ਨੇ ਨਾਲ ਹੀ ਕਿਹਾ ਕਿ ਬੇਸੱਕ ਲੋਕ ਸਾਰਾ ਸੱਚ ਸਮਝ ਚੁੱਕੇ ਹਨ ਪ੍ਰੰਤੂ ਉਹ ਮੁੱਖ ਮੰਤਰੀ ਦੇ ਮੂੰਹੋਂ ਇਹ ਸੱਚ ਸੁਣਨਾ ਚਾਹੁੰਦੇ ਹਨ ਕਿ ਕਮਿਸਨ ਦਰ ਕਮਿਸਨ ਅਤੇ ਸਿਟ ਦਰ ਸਿਟ ਬੈਠਣ ਦੇ ਬਾਵਜੂਦ ਹੁਣ ਤੱਕ ਨਤੀਜਾ ਸਿਫਰ ਕਿਉਂ ਰਿਹਾ ਹੈ?
2. ਬਹਿਬਲ ਕਲਾਂ ਤੇ ਕੋਟਕਪੂਰਾ ‘ਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਅਤੇ ਦੋਸੀਆਂ ‘ਤੇ ਕਾਰਵਾਈ ਲਈ ਸਾਂਤੀਪੂਰਵਕ ਜਾਪ ਕਰ ਰਹੀ ਸੰਗਤ ‘ਤੇ ਕਿਸ ਦੇ ਹੁੱਕਮਾਂ ਨਾਲ ਗੋਲੀ ਚਲਾਈ ਗਈ?
3. ਕੀ ਗੁਰੂ ਦੀ ਸੰਗਤ ਨੂੰ ਗੁਰੂ ਦੀ ਬੇਪਤੀ ਵਿਰੁੱਧ ਸਾਤੀਪੂਰਵਕ ਤਰੀਕੇ ਨਾਲ ਰੋਸ ਪ੍ਰਗਟ ਕਰਨ ਅਤੇ ਇਨਸਾਫ ਮੰਗਣ ਦਾ ਸੰਵਿਧਾਨਕ ਹੱਕ ਨਹੀਂ ਹੁੰਦਾ?
4. ਜੇਕਰ ਤੱਤਕਾਲੀ ਗ੍ਰਹਿ ਮੰਤਰੀ ਭਾਵ ਉਪ ਮੁੱਖ ਮੰਤਰੀ ਹੁੰਦਿਆਂ ਸੁਖਬੀਰ ਸਿੰਘ ਬਾਦਲ ਇਹ ਸਪੱਸਟ ਕਰਨ ਤੋਂ ਭੱਜ ਗਏ ਕਿ ਅਕਤੂਬਰ 2015 ‘ਚ ਰਾਤੋਂ ਰਾਤ 182 ਪੁਲੀਸ ਅਧਿਕਾਰੀ ਕਿਸ ਦੇ ਹੁੱਕਮਾਂ ਨਾਲ ਕੋਟਕਪੂਰਾ ਪਹੁੰਚੇ ਸਨ? ਕੀ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਵੀ ਬਾਦਲਾਂ ਦੇ ਨਕਸੇ ਕਦਮ ‘ਤੇ ਚੱਲਦਿਆਂ ਇਹ ਸਪੱਸਟ ਨਹੀਂ ਕਰਨਗੇ?
5. ਤੱਤਕਾਲੀ ਬਾਦਲ ਸਰਕਾਰ ਨੇ ਜਖਮੀਆਂ ਦਾ ਇਲਾਜ ਅਤੇ ਐਮ.ਐਲ.ਆਰਜ ਨਹੀਂ ਕੱਟੀਆਂ ਅਤੇ ਰਿਕਾਰਡ ‘ਤੇ ਨਹੀਂ ਲਿਆਂਦੀਆਂ। ਕੀ ਕੈਪਟਨ ਦੱਸਣਗੇ ਕਿ ਇਲਾਜ ਅਤੇ ਇਨਸਾਫ ਲਈ ਭਟਕਦੇ ਪੀੜ੍ਹਤਾਂ ਲਈ ਉਨ੍ਹਾਂ ਕਿਹੜਾ ਠੋਸ ਕਦਮ ਚੁੱਕਿਆ?
6. ਬਾਦਲ ਰਾਜ ‘ਚ ਗੋਲੀ ਚਲਾਉਣ ਵਾਲੀ ਪੁਲੀਸ ਨੂੰ ਅਣਪਛਾਤੀ ਪੁਲੀਸ ਐਲਾਨਿਆਂ ਗਿਆ ਸੀ। ਜੇ ਕੈਪਟਨ 4 ਸਾਲਾਂ ‘ਚ ਅਣਪਛਾਤੀ ਪੁਲੀਸ ਦੀ ਸਨਾਖਤ ਨਹੀਂ ਕਰਵਾ ਸਕੇ ਤਾਂ ਕੀ ਕੈਪਟਨ, ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠੇ ਰਹਿਣ ਦੇ ਯੋਗ ਹਨ? ਸੰਧਵਾਂ ਨੇ ਕਿਹਾ ਕਿ ਅਜਿਹੀ ਨਲਾਇਕੀ ਲਈ ਕੈਪਟਨ ਨੂੰ ਤੁਰੰਤ ਗੱਦੀ ਛੱਡਣੀ ਚਾਹੀਦੀ ਹੈ?
7. ਜਿਹੜੇ ਪੁਲੀਸ ਮੁਲਾਜਮਾਂ ਕੋਲੋਂ ਪੁਲੀਸ ਨੇ ਗੋਲੀ ਚੱਲੀ ਦਿਖਾਈ ਹੈ, ਉਹ ਆਪਣੇ ਬਿਆਨਾਂ ‘ਚ ਸਾਫ ਮੁੱਕਰ ਰਹੇ ਹਨ, ਫਿਰ ਸੰਗਤਾਂ ‘ਤੇ ਗੋਲੀ ਕੌਣ ਚਲਾ ਗਿਆ?
8. ਮੌਕੇ ਦੀਆਂ ਸੀ.ਸੀ.ਟੀ.ਵੀ ਫੂਟੇਜ ਡਿਲੀਟ ਕਿਉਂ ਕੀਤੀਆਂ ਗਈਆਂ? ਪੁਲਸ ਵੱਲੋਂ ਬੁਲਾਏ ਗਏ ਫੋਟੋਗ੍ਰਾਫਰਾਂ ਦੀਆਂ ਵੀਡੀਓਜ ਤੇ ਫੋਟੋਆਂ ਡਿਲੀਟ ਕਿਉਂ ਕੀਤੀਆਂ ਗਈਆਂ? ਇਸ ਮਾਮਲੇ ਦੀ ਠੋਸ ਜਾਂਚ ਕਿਉਂ ਨਹੀਂ ਹੋਈ?
9. ਕੁੰਵਰ ਵਿਜੈ ਪ੍ਰਤਾਪ ਸਿੰਘ ਤੋਂ ਬਿਨਾਂ ਕੈਪਟਨ ਦੇ ਬਾਕੀ ਅਧਿਕਾਰੀਆਂ ਜੋ ਸਿੱਟ ਦੇ ਮੈਂਬਰ ਸਨ, ਨੇ ਮਾਨਯੋਗ ਹਾਈਕੋਰਟ ‘ਚ ਪਟੀਸਨਕਰਤਾ ਵੱਲੋਂ ਲਾਏ ਦੋਸਾਂ ਦੀ ਵਿਰੋਧਤਾਂ ਕਿਉਂ ਨਹੀਂ ਕੀਤੀ? ਜਦੋਂ ਉਨ੍ਹਾਂ ਨੇ ਵਿਰੋਧਤਾ ਨਹੀਂ ਕੀਤੀ, ਉਸ ਵੇਲੇ ਸਰਕਾਰ ਨੇ ਨੋਟਿਸ ਲੈ ਕੇ ਇਸ ਗਲਤੀ ਨੂੰ ਕਿਉਂ ਨਹੀਂ ਸੁਧਾਰਿਆ। ਕੀ ਕੈਪਟਨ ਵੱਲੋਂ ਆਪ ਹੀ ਸਿੱਟ ਦੇ ਬਣਾਏ ਮੈਂਬਰਾਂ ਵੱਲੋਂ ਪਟੀਸਨਕਰਤਾ ਦੀ ਇਸ ਤਰੀਕੇ ਨਾਲ ਕੀਤੀ ਮਦਦ ਸਰੇਆਮ ਮੈਚ ਫਿਕਸਿੰਗ ਨਹੀਂ ਹੈ?
10. ਪੰਜਾਬ ਪੁਲੀਸ ਨੇ ਧਰਨਾ ਦੇ ਰਹੀਆਂ ਸੰਗਤਾਂ ਨੂੰ ਉਠਾਉਣ ਲਈ ਇਹ ਕਾਰਨ ਦੱਸ ਦੱਸਿਆ ਕਿ ਕੋਟਕਪੂਰਾ ‘ਚ ਆਮ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਕੀ ਇਹ ਕਾਰਨ ਵਾਜਿਬ ਹੈ? ਸਾਡੇ ਕਿਸਾਨ ਵੀ ਲਗਾਤਾਰ ਕਈ ਮਹੀਨਿਆਂ ਤੋਂ ਹਾਈਵੇ ‘ਤੇ ਧਰਨਾ ਦੇ ਰਹੇ ਨੇ। ਇਸ ਹਿਸਾਬ ਨਾਲ ਤਾਂ ਫਿਰ ਪੰਜਾਬ ਪੁਲੀਸ ਕਿਤੇ ਵੀ ਧਰਨਾ ਦੇ ਰਹੇ ਲੋਕਾਂ ‘ਤੇ ਗੋਲੀ ਚਲਾ ਦੇਵੇਗੀ?