ਦੇਸ਼ ਦੇ ਪਹਿਲੇ ਸੀਡੀਐਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀਆਂ ਅਸਥੀਆਂ ਸ਼ਨੀਵਾਰ ਨੂੰ ਹਰਿਦੁਆਰ ਗੰਗਾ ਵਿੱਚ ਵਿਸਰਜਿਤ ਕੀਤੀਆਂ ਜਾਣਗੀਆਂ।ਸੀਡੀਐਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਅਤੇ ਹੋਰ ਫੌਜੀ ਅਧਿਕਾਰੀਆਂ ਦੀ 8 ਦਸੰਬਰ ਨੂੰ ਤਾਮਿਲਨਾਡੂ ਦੇ ਕੂਨੂਰ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਅਚਾਨਕ ਮੌਤ ਹੋ ਗਈ ਸੀ।
ਜ਼ਿਲ੍ਹਾ ਮੈਜਿਸਟਰੇਟ ਵਿਨੈ ਸ਼ੰਕਰ ਪਾਂਡੇ ਨੇ ਦੱਸਿਆ ਕਿ ਮਰਹੂਮ ਸੀਡੀਐਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀਆਂ ਅਸਥੀਆਂ ਹਰਿਦੁਆਰ ਪੁੱਜਣ ਦੀ ਜ਼ੁਬਾਨੀ ਸੂਚਨਾ ਮਿਲੀ ਹੈ। ਅਜੇ ਤੱਕ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਕੋਈ ਸੂਚਨਾ ਨਹੀਂ ਮਿਲੀ ਹੈ। ਪਰ ਪ੍ਰਸ਼ਾਸਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਡੀਐਮ ਨੇ ਦੱਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਕ੍ਰਿਤਿਕਾ ਅਤੇ ਤਾਰਿਣੀ ਅਤੇ ਪਰਿਵਾਰਕ ਮੈਂਬਰ ਅਸਥੀਆਂ ਹਰਿਦੁਆਰ ਲੈ ਕੇ ਆਉਣਗੇ। ਉਨ੍ਹਾਂ ਦੇ ਕਾਫ਼ਲੇ ਵਿੱਚ ਕਰੀਬ ਛੇ ਤੋਂ ਸੱਤ ਗੱਡੀਆਂ ਹੋਣਗੀਆਂ। ਵੀ.ਆਈ.ਪੀ ਘਾਟ ‘ਤੇ ਅਸਥੀਆਂ ਵਿਸਰਜਿਤ ਕੀਤੀਆਂ ਜਾਣਗੀਆਂ। ਡੀਐਮ ਨੇ ਦੱਸਿਆ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਰੱਖਿਆ ਰਾਜ ਮੰਤਰੀ ਅਜੈ ਭੱਟ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦਾ ਲਿਖਤੀ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ।