ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਾਰੀ ਹੈ। ਅੱਜ ਬਠਿੰਡਾ ਦੀ ਸਭ ਤੋਂ ਹਾਈਪ੍ਰੋਫਾਈਲ ਸੀਟ ‘ਤੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਚੌਥੀ ਵਾਰ ਨਾਮਜ਼ਦਗੀ ਭਰ ਦਿੱਤੀ ਹੈ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਉਧਰ ਬੀਜੇਪੀ ਦੀ ਉਮੀਦਵਾਰ ਪਰਮਪਾਲ ਕੌਰ ਨੇ ਵੀ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ। ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਵੀ ਆਪਣੀ ਨਾਮਜ਼ਦਗੀ ਭਰੀ, ਇਸੇ ਹਲਕੇ ਤੋਂ ਉਨ੍ਹਾਂ ਦੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਵੀ ਪਰਚਾ ਭਰ ਦਿੱਤਾ ਹੈ।
ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਵੱਲੋਂ ਨਾਮਜ਼ਦਗੀ ਭਰੀ ਹੈ, ਇਸ ਮੌਕੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਨਾਲ ਮੌਜੂਦ ਰਹੀ, ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਸੁਰਜੀਤ ਸਿੰਘ ਪਾਤਲ ਦੇ ਸਸਕਾਰ ਦੀ ਵਜ੍ਹਾ ਕਰਕੇ ਆਪਣਾ ਰੋਡ ਸ਼ੋਅ ਕੈਂਸਲ ਕੀਤਾ। ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਨੇ ਵੀ ਪਰਚਾ ਭਰ ਦਿੱਤਾ ਹੈ ।
ਪਟਿਆਲਾ ਤੋਂ ਬੀਜੇਪੀ ਦੀ ਉਮੀਦਵਾਰ ਪਰਨੀਤ ਕੌਰ ਨੇ ਵੀ ਆਪਣੀ ਨਾਮਜ਼ਦਗੀ ਫਾਈਲ ਕਰ ਦਿੱਤੀ ਹੈ । ਇਸ ਮੌਕੇ ਉਨ੍ਹਾਂ ਦੀ ਧੀ ਜੈਇੰਦਰ ਕੌਰ ਵੀ ਨਾਲ ਮੌਜੂਦ ਰਹੀ । ਨਾਮਜ਼ਦਗੀ ਭਰਨ ਤੋਂ ਪਹਿਲਾਂ ਮਾਂ-ਧੀ ਨੇ ਬੁਰਜ ਬਾਬਾ ਆਲਾ ਸਿੰਘ ਜਾਕੇ ਮੱਥਾ ਟੇਕਿਆ।
ਸੰਗਰੂਰ ਤੋਂ ਬੀਜੇਪੀ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਨਾਮਜ਼ਦਗੀ ਭਰੀ ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਰਹੇ। ਉਧਰ ਸੰਗਰੂਰ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨੇ ਵੀ ਪਰਚਾ ਭਰ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਦੇ ਨਾਮਜ਼ਦਗੀ ਮੌਕੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਮੌਜੂਦ ਰਹੇ । ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੇ ਵੀ ਨਾਮਜ਼ਦਗੀ ਭਰ ਕੇ ਲੋਕਸਭਾ ਚੋਣਾਂ ਦੇ ਲਈ ਲਗਾਤਾਰ ਦੂਜੀ ਵਾਰ ਦਾਅਵੇਦਾਰੀ ਪੇਸ਼ ਕੀਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।