ਨਵੀਂ ਦਿੱਲੀ : – ਕੋਰੋਨਾ ਦੇ ਮਾਮਲਿਆਂ ‘ਚ ਵਾਧੇ ਵਿਚਾਲੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਲੀ ਦੀਆਂ ਹੱਦਾਂ ‘ਤੇ ਲੰਬੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਖੇਤੀ ਕਾਨੂੰਨ ਵਿਰੋਧੀ ਅੰਦੋਲਨਕਾਰੀਆਂ ਨੂੰ ਆਪਣਾ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕੇਂਦਰ ਨੇ ਤਿੰਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਪਿਛਲੇ ਲਗਪਗ 5 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ। ਦੋਵੇਂ ਧਿਰਾਂ ‘ਚ 22 ਜਨਵਰੀ ਨੂੰ ਹੋਈ ਰਸਮੀ ਗੱਲਬਾਤ ਦੇ 11ਵੇਂ ਤੇ ਆਖ਼ਰੀ ਦੌਰ ਤੋਂ ਬਾਅਦ ਵੀ ਇਸ ਮੁੱਦੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਸੀ।
ਤੋਮਰ ਨੇ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ‘ਚ ਪੂਰਾ ਦੇਸ਼ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ। ਵਿਰੋਧ ਕਰਨ ਵਾਲੇ ਅੰਦੋਲਨਕਾਰੀਆਂ ਨੂੰ ਵੀ ਪ੍ਰਰੋਟੋਕਾਲ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸਤੋਂ ਇਲਾਵਾ ਤੋਮਰ ਨੇ ਕਿਹਾ ਕਿ ਤਿੰਨੇ ਕਾਨੂੰਨਾਂ ਨੂੰ ਅਚਾਨਕ ਤਿਆਰ ਨਹੀਂ ਕੀਤਾ ਗਿਆ ਸੀ ਤੇ ਪਹਿਲਾਂ ਇਕ ਲੰਬੀ ਚਰਚਾ ਹੋਈ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਅੱਗੇ ਵਧਾਇਆ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਕੋਈ ਵਿਰੋਧ ਉਦੋਂ ਜਾਰੀ ਰਹਿੰਦਾ ਹੈ ਜਦੋਂ ਸਰਕਾਰ ਗੱਲਬਾਤ ਲਈ ਤਿਆਰ ਨਹੀਂ ਹੁੰਦੀ ਪਰ ਇਸ ਸਰਕਾਰ ਨੇ ਅੰਦੋਲਨਕਾਰੀਆਂ ਦੇ ਨੁਮਾਇੰਦਿਆਂ ਨਾਲ ਖੁੱਲ੍ਹੇ ਦਿਲ ਨਾਲ 11 ਦੌਰ ਦੀ ਗੱਲਬਾਤ ਕੀਤੀ, ਫਿਰ ਵੀ ਉਨ੍ਹਾਂ ਦਾ ਅੰਦੋਲਨ ਨਹੀਂ ਰੁਕਿਆ। ਕੇਂਦਰੀ ਮੰਤਰੀ ਨੇ ਕਿਹਾ, ‘ਅਸੀਂ ਤਜਵੀਜ਼ ਦਿੱਤੀ ਕਿ ਇਨ੍ਹਾਂ ਕਾਨੂੰਨਾਂ ਤੇ ਐੱਮਐੱਸਪੀ ‘ਤੇ ਗ਼ੌਰ ਕਰਨ ਲਈ ਇਕ ਕਮੇਟੀ ਗਠਿਤ ਕੀਤੀ ਜਾਵੇ। ਕਮੇਟੀ ਵੱਲੋਂ ਰਿਪੋਰਟ ਪੇਸ਼ ਕਰਨ ਤੋਂ ਬਾਅਦ ਸਰਕਾਰ ਚਰਚਾ ਕਰੇਗੀ। ਪੂਰੇ ਦੇਸ਼ ‘ਚ ਇਸ ਤਜਵੀਜ਼ ਦਾ ਸਵਾਗਤ ਕੀਤਾ ਗਿਆ ਸੀ ਪਰ ਅੰਦੋਲਨਕਾਰੀਆਂ ਨੇ ਕਿਸੇ ਕਾਰਨ ਦਾ ਹਵਾਲਾ ਦਿੱਤੇ ਬਿਨਾਂ ਇਸ ਨੂੰ ਨਾਮਨਜ਼ੂਰ ਕਰ ਦਿੱਤਾ।’ ਉਨ੍ਹਾਂ ਕਿਹਾ ਕਿ ਅਸੀਂ ਖੇਤੀ ਜਥੇਬੰਦੀਆਂ ਨੂੰ ਆਪਣੀ ਖ਼ੁਦ ਦੀ ਤਜਵੀਜ਼ ਲਿਆਉਣ ਲਈ ਕਿਹਾ ਸੀ ਤੇ ਅਸੀਂ ਉਸ ‘ਤੇ ਚਰਚਾ ਲਈ ਤਿਆਰ ਸੀ। ਉਨ੍ਹਾਂ ਕਿਹਾ ਕਿ ਸਰਕਾਰ ਅੱਜ ਵੀ ਗੱਲਬਾਤ ਲਈ ਤਿਆਰ ਹੈ।